ਨਿੱਜੀ ਪੱਤਰ ਪ੍ਰੇਰਕ
ਸਿਰਸਾ, 6 ਜੁਲਾਈ
ਭਾਰਤੀ ਕਮਿਊਨਿਸਟ ਪਾਰਟੀ ਹਲਕਾ ਰਾਣੀਆਂ ਕਮੇਟੀ ਦੀ ਮੀਟਿੰਗ ਰਾਣੀਆਂ ਸਥਿਤ ਬਾਬਾ ਬੰਤਾ ਸਿੰਘ ਭਵਨ ਵਿੱਚ ਜੋਗਿੰਦਰ ਸਿੰਘ ਦਮਦਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੌਜੂਦਾ ਰਾਜਨੀਤਿਕ ਹਾਲਾਤਾਂ ’ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਪੱਤਰਕਾਰ ਮੁਹੰਮਦ ਜ਼ੁਬੈਰ ਤੇ ਸਮਾਜ ਸੇਵੀ ਤੀਸਤਾ ਸੀਤਲਵਾੜ ਦੀ ਰਿਹਾਈ ਤੇ ‘ਅਗਨੀਪਥ’ ਯੋਜਨਾ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਸੀਪੀਆਈ ਆਗੂ ਕਾ. ਸਵਰਨ ਸਿੰਘ ਵਿਰਕ ਨੇ ਕਿਹਾ ਕਿ ਭਾਜਪਾ ਆਗਾਮੀ 2024 ਦੀਆਂ ਚੋਣਾਂ ਦੇ ਮੱਦੇਨਜ਼ਰ ਲੋਕਾਂ ’ਚ ਫਿਰਕਾਪ੍ਰਸਤੀ ਤੇ ਆਪਸੀ ਫੁੱਟ ਪਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਜੋ ਲੋਕਾਂ ਦਾ ਧਿਆਨ ਮਹਿੰਗਾਈ ਤੇ ਹੋਰ ਮੁੱਦਿਆਂ ਤੋਂ ਭਟਕਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਮਹੂਰੀਅਤ ਵਿਰੋਧੀ ਕਾਲੇ ਕਾਨੂੰਨ ਅਤੇ ਅਣਐਲਾਨੀ ਅਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ। ਕਿਸਾਨ ਆਗੂ ਡਾ. ਸੁਖਦੇਵ ਸਿੰਘ ਜੰਮੂ ਨੇ ਕਿਹਾ ਕਿ 31 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 11 ਤੋਂ ਤਿੰਨ ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ’ਤੇ ਲਛਮਣ ਸਿੰਘ ਸ਼ੇਖਾਵਤ, ਤਿਲਕ ਰਾਜ ਵਿਨਾਇਕ, ਰੇਸ਼ਮ ਸਿੰਘ, ਰਣਜੀਤ ਸਿੰਘ, ਗੁਰਨਾਮ ਸਿੰਘ, ਬਾਬਾ ਬਲਵੰਤ ਸਿੰਘ ਆਦਿ ਸਮੇਤ ਕਈ ਪਾਰਟੀ ਆਗੂ ਤੇ ਕਾਰਕੁਨ ਮੌਜੂਦ ਸਨ।