ਪੱਤਰ ਪ੍ਰੇਰਕ
ਧਰਮਕੋਟ, 17 ਨਵੰਬਰ
ਪੰਜਾਬ ਗੌਰਮਿੰਟ ਵਹੀਕਲ ਡਰਾਈਵਰ ਯੂਨੀਅਨ (ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ) ਨੇ ਡੇਢ ਦਹਾਕੇ ਤੋਂ ਵਿਭਾਗ ਅੰਦਰ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰ ਰਹੇ ਸੈਂਕੜੇ ਕੱਚੇ ਮੁਲਾਜ਼ਮਾਂ ਨੂੰ ਫਾਰਗ ਕਰਨ ਵਾਲੀ ਅਪਣਾਈ ਜਾ ਰਹੀ ਨੀਤੀ ਦਾ ਵਿਰੋਧ ਕੀਤਾ ਹੈ। ਯੂਨੀਅਨ ਦੇ ਸੂਬਾਈ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਈ ਸੂਬਾ ਪੱਧਰੀ ਬੈਠਕ ਵਿੱਚ ਇਹ ਮੁੱਦਾ ਉਠਾਉਦਿਆਂ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ 15 ਸਾਲ ਤੋਂ ਪੁਰਾਣੇ ਵਹੀਕਲਾਂ ਨੂੰ ਨਕਾਰਾ ਘੋਸ਼ਿਤ ਕਰਨ ਦੀ ਨਵੀਂ ਨੀਤੀ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਪਰ ਇਸਦੇ ਬਦਲ ਵਜੋਂ ਨਵੇਂ ਵਹੀਕਲਾਂ ਦੀ ਖਰੀਦਦਾਰੀ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਵਿਭਾਗ ਨੇ ਆਪਣੇ ਕੰਮਕਾਰ ਲਈ ਪ੍ਰਾਈਵੇਟ ਵਾਹਨਾਂ ਨੂੰ ਕਿਰਾਏ ਉੱਤੇ ਲੈਣ ਦੀ ਨੀਤੀ ਬਣਾਈ ਗਈ ਹੈ ਅਤੇ ਜੇਕਰ ਅਜਿਹਾ ਕੀਤਾ ਗਿਆ ਤਾਂ ਸੈਂਕੜੇ ਕੱਚੇ ਮੁਲਾਜ਼ਮ ਡਰਾਈਵਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਕਿਉਂ ਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਫਾਰਗ ਕਰ ਦਿੱਤਾ ਜਾਵੇਗਾ। ਯੂਨੀਅਨ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਉਕਤ ਕੱਚੇ ਮੁਲਾਜ਼ਮ ਡਰਾਈਵਰਾਂ ਨੂੰ ਪੱਕੇ ਤੌਰ ’ਤੇ ਸੇਵਾ ਵਿੱਚ ਲੈ ਕੇ ਆਉਣਾ ਚਾਹੀਦਾ ਹੈ।