ਲਖਵੀਰ ਸਿੰਘ ਚੀਮਾ
ਟੱਲੇਵਾਲ, 29 ਸਤੰਬਰ
ਪਾਵਰਕੌਮ ਵੱਲੋਂ ਪਿੰਡਾਂ ਦੇ ਵਾਟਰ ਵਰਕਸ ਅਤੇ ਆਰਓ ’ਤੇ ਪੁਰਾਣੇ ਮੀਟਰ ਹਟਾ ਕੇ ਨਵੇਂ ਸਮਾਰਟ ਮੀਟਰ ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਬਖ਼ਤਗੜ੍ਹ ਵਿੱਚ ਆਰਓ ਸਿਸਟਮ ਅਤੇ ਕੈਰੇ ਵਿਚ ਵਾਰਟ ਵਰਕਸ ’ਤੇ ਇਹ ਸਮਾਰਟ ਮੀਟਰ ਲਗਾ ਦਿੱਤੇ ਗਏ, ਜਿਨ੍ਹਾਂ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਹਟਾ ਕੇ ਬਿਜਲੀ ਦੀ ਸਪਲਾਈ ਸਿੱਧੀ ਕਰ ਦਿੱਤੀ ਗਈ। ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਦੁੱਗਲ ਨੇ ਕਿਹਾ ਕਿ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਹੁਣ ਚਿੱਪ ਵਾਲੇ ਸਮਾਰਟ ਮੀਟਰ ਪਿੰਡਾਂ ਵਿੱਚ ਲਾ ਰਹੀ ਹੈ। ਇਨ੍ਹਾਂ ਮੀਟਰਾਂ ਨੂੰ ਲਾਉਣ ਦਾ ਬੋਝ ਜਿੱਥੇ ਪੰਜਾਬ ਦੀ ਜਨਤਾ ’ਤੇ ਪਵੇਗਾ, ਉਥੇ ਸਰਕਾਰ ਆਪਣੀ ਮਨਮਰਜ਼ੀ ਦੇ ਬਿਜਲੀ ਰੇਟ ਲਗਾ ਕੇ ਲੋਕਾਂ ਦੀ ਹੋਰ ਲੁੱਟ ਕਰੇਗੀ। ਸ਼ੁਰੂਆਤੀ ਦੌਰ ਵਿੱਚ ਸਰਕਾਰ ਨੇ ਇਹ ਮੀਟਰ ਸਿਰਫ਼ ਸਰਕਾਰੀ ਥਾਵਾਂ ’ਤੇ ਲਗਾਏ ਹਨ, ਜਦਕਿ ਇਸਤੋਂ ਬਾਅਦ ਇਹ ਮੀਟਰ ਲੋਕਾਂ ਦੇ ਘਰਾਂ ਵਿੱਚ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਮੀਟਰ ਕਿਸੇ ਵੀ ਹਾਲਤ ਪਿੰਡਾਂ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ। ਪਿੰਡਾਂ ਵਿੱਚ ਮੀਟਰ ਲਾਉਣ ਆਉਣ ਵਾਲੇ ਮੁਲਾਜ਼ਮਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਕੈਰੇ ਅਤੇ ਬਖ਼ਤਗੜ੍ਹ ਵਿੱਚ ਮਹਿਕਮੇ ਵਲੋਂ ਲਗਾਏ ਸਮਾਰਟ ਮੀਟਰਾਂ ਦੀ ਬਿਜਲੀ ਸਪਲਾਈ ਕੱਟ ਕੇ ਸਿੱਧੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਸ਼ਹਿਣਾ ਦੇ ਐੱਸਡੀਓ ਸੁਖਪਾਲ ਸਿੰਘ ਨੇ ਕਿਹਾ ਕਿ ਇਹ ਸਮਾਰਟ ਮੀਟਰ ਸਿਰਫ਼ ਆਰਓ ਅਤੇ ਵਾਟਰ ਵਰਕਸ ’ਤੇ ਹੀ ਲਗਾਏ ਜਾ ਰਹੇ ਹਨ। ਕਿਉਂਕਿ ਇਨ੍ਹਾਂ ਦੇ ਬਿੱਲ ਸਿੱਧੇ ਪੰਜਾਬ ਸਰਕਾਰ ਹੀ ਪਾਵਰਕੌਮ ਨੂੰ ਭਰਦੀ ਹੈ, ਜਿਸ ਕਰਕੇ ਇਨ੍ਹਾਂ ਮੀਟਰਾਂ ਦੀ ਰੀਡਿੰਗ ਆਨਲਾਈਨ ਹੀ ਹੋਣ ਕਰਕੇ ਮੀਟਰਾਂ ਦੀ ਰੀਡਿੰਗ ਦਾ ਕੰਮ ਸੌਖਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਵਿਰੋਧ ਤੋਂ ਬਾਅਦ ਪੁਰਾਣੇ ਮੀਟਰ ਮੁੜ ਲਗਾ ਦਿੱਤੇ ਗਏ ਹਨ।
ਤਪਾ ਮੰਡੀ (ਸੀ. ਮਾਰਕੰਡਾ): ਪਿੰਡ ਤਾਜੋਕੇ ਦੇ ਵਾਟਰ ਵਰਕਸ ਦੀ ਟੈਂਕੀ ਉਪਰ ਲਗਾਏ ਚਿੱਪ ਵਾਲੇ ਮੀਟਰ ਅੱਜ ਲੋਕਾਂ ਨੇ ਉਤਾਰ ਦਿੱਤੇ। ਪਿੰਡ ਦੀਆਂ ਮਜ਼ਦੂਰ ਮੁਕਤੀ ਮੋਰਚਾ, ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀਆਂ ਸਥਾਨਕ ਇਕਾਈਆਂ ਦੇ ਆਗੂਆਂ ਨੇ ਸਾਰੇ ਪਿੰਡ ਵਾਲਿਆਂ ਨਾਲ ਰਲਕੇ ਇਹ ਚਿੱਪ ਵਾਲੇ ਮੀਟਰ ਉਤਾਰੇ ਹਨ ਅਤੇ ਮਹਿਕਮੇ ਪਾਸ ਜਮ੍ਹਾਂ ਕਰਵਾ ਦਿੱਤੇ ਹਨ। ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਚਿੱਪ ਮੀਟਰ ਕਿਸੇ ਵੀ ਪਿੰਡ ਵਿਚ ਨਹੀਂ ਲੱਗਣ ਦਿੱਤੇ ਜਾਣਗੇ।
ਛੀਨੀਵਾਲ ਖ਼ੁਰਦ ’ਚੋਂ ਸਮਾਰਟ ਮੀਟਰ ਹਟਾਉਣ ਦੀ ਮੰਗ
ਪਿੰਡ ਛੀਨੀਵਾਲ ਖ਼ੁਰਦ ਵਿਖੇ ਆਰਓ ’ਤੇ ਸਮਾਰਟ ਮੀਟਰ ਲਗਾਏ ਜਾਣ ਵਿਰੁੱਧ ਇਕੱਠੇ ਹੋਏ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇਕਾਈ ਪ੍ਰਧਾਨ ਜੀਤ ਸਿੰਘ ਨੇ ਕਿਹਾ ਕਿ ਆਰਓ ’ਤੇ ਲਗਾਇਆ ਚਿੱਪ ਵਾਲਾ ਮੀਟਰ ਹਟਾਇਆ ਜਾਵੇ ਨਹੀਂ ਤਾਂ ਜਥੇਬੰਦੀ ਖ਼ੁਦ ਇਹ ਮੀਟਰ ਪੁੱਟਣ ਲਈ ਮਜਬੂਰ ਹੋਵੇਗੀ।
ਪਿੰਡ ਸੇਖਾ ’ਚ ਮੀਟਰ ਲਾਉਣ ਵਾਲਿਆਂ ਨੂੰ ਘੇਰਨ ਦਾ ਐਲਾਨ
ਬਰਨਾਲਾ (ਪ੍ਰਸ਼ੋਤਮ ਬੱਲੀ): ਪਿੰਡ ਸੇਖਾ ਵਾਸੀਆਂ ਨੇ ਬੀਕੇਯੂ ਕਾਦੀਆਂ ਦੀ ਅਗਵਾਈ ਹੇਠ ਪਿੰਡ ’ਚ ਸਮਾਰਟ ਮੀਟਰ ਲਾਉਣ ਆਉਣ ਵਾਲੇ ਮੁਲਾਜ਼ਮਾਂ ਦੇ ਘਿਰਾਓ ਦਾ ਐਲਾਨ ਕੀਤਾ ਹੈ। ਯੂਨੀਅਨ ਆਗੂ ਰਣਧੀਰ ਸਿੰਘ ਰਹਿਲ, ਗੁਰਦਿਆਲ ਸਿੰਘ ਝੱਲੀ, ਭੋਲਾ ਸਿੰਘ, ਰਾਜ ਪੰਡਿਤ, ਭਜਨ ਸਿੰਘ, ਕਰਮ ਸਿੰਘ ਤੇ ਦੁੱਲਾ ਸੇਖਾ ਆਦਿ ਨੇ ਕਿਹਾ ਕਿ ਪਾਵਰਕੌਮ ਵੱਲੋਂ ਲਾਏ ਜਾ ਰਹੇ ਸਮਾਰਟ ਮੀਟਰਾਂ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਭਾਗੀ ਜਾਂ ਸਬੰਧਤ ਵਿਅਕਤੀ ਇਸ ਕਾਰਜ ਲਈ ਪਿੰਡ ਵਿੱਚ ਵੜਿਆ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ।