ਮਨਜੀਤ ਸਿੰਘ ਧਨੇਰ
ਪਰਸ਼ੋਤਮ ਬੱਲੀ
ਬਰਨਾਲਾ, 30 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਕੌਮੀ ਜਾਂਚ ਏਜੰਸੀ ਨੇ ਅੱਜ ਪੰਜਾਬ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਆਗੂ ਬੀਬੀ ਸੁਖਵਿੰਦਰ ਕੌਰ ਦੇ ਘਰ ਰੇਡ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬੁੱਧੀਜੀਵੀਆਂ, ਸਮਾਜ ਸੇਵੀਆਂ ਅਤੇ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਵੱਖ-ਵੱਖ ਏਜੰਸੀਆਂ ਰਾਹੀਂ ਡਰਾ ਧਮਕਾ ਕੇ ਅਤੇ ਜੇਲ੍ਹਾਂ ਵਿੱਚ ਬੰਦ ਕਰਕੇ ਉਨ੍ਹਾਂ ਦੀ ਆਵਾਜ਼ ਬੰਦ ਕਰਨ ਦਾ ਭਰਮ ਪਾਲ ਰਹੀ ਹੈ। ਇਸੇ ਲੜੀ ਵਿੱਚ ਅੱਜ ਪੰਜਾਬ ਵਿੱਚ ਵੀ ਇਹ ਛਾਪੇਮਾਰੇ ਕੀਤੀ ਗਈ ਹੈ। ਆਗੂਆਂ ਨੇ ਕਿਸਾਨਾਂ 2 ਸਤੰਬਰ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਬੁਨਿਆਦੀ ਮੰਗਾਂ ਲਈ ਐਸਕੇਐਮ ਵੱਲੋਂ ਦਿੱਤੇ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦੀ ਅਪੀਲ ਵੀ ਕੀਤੀ।
ਭੁੱਚੋ ਮੰਡੀ (ਪਵਨ ਗੋਇਲ): ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਜਨਰਲ ਸੱਕਤਰ ਕੰਵਲਜੀਤ ਖੰਨਾ ਅਤੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਜਮਹੂਰੀ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਐਡਵੋਕੇਟ ਪੰਕਜ ਤਿਆਗੀ (ਸੋਨੀਪਤ), ਐਡਵੋਕੇਟ ਮਨਦੀਪ ਸਿੰਘ, ਐਡਵੋਕੇਟ ਆਰਤੀ, ਐਡਵੋਕੇਟ ਵਿਪਨ ਅਤੇ ਕਿਸਾਨ ਆਗੂ ਸੁਖਵਿੰਦਰ ਕੌਰ ਰਾਮਪੁਰਾ ਫੂਲ ਆਦਿ ਦੀਆਂ ਰਿਹਾਇਸ਼ਾਂ ’ਤੇ ਕੌਮੀ ਜਾਂਚ ਏਜੰਸੀ ਵੱਲੋਂ ਮਾਰੇ ਗਏ ਛਾਪੇ ਅਤੇ ਦੇਸ਼ਧ੍ਰੋਹ ਦੇ ਜਾਬਰ ਕਾਨੂੰਨਾਂ ਤਹਿਤ ਗ੍ਰਿਫ਼ਤਾਰ ਕਰਕੇ ਲੰਮੇ ਸਮੇਂ ਲਈ ਜੇਲ੍ਹਾਂ ’ਚ ਬੰਦ ਕਰਨ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਨ੍ਹਾਂ ਛਾਪਿਆਂ ਨੂੰ ਭਾਜਪਾ ਗੱਠਜੋੜ ਦਾ ਨੰਗਾ ਚਿੱਟਾ ਫਾਸ਼ੀਵਾਦੀ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਦੇਸ਼ ਦੀਆਂ ਜਮਹੂਰੀ ਸ਼ਕਤੀਆਂ ਨੂੰ ਜ਼ੋਰਦਾਰ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਨਕਲਾਬੀ ਕੇਂਦਰ ਦੇ ਆਗੂਆਂ ਮੁਖਤਿਆਰ ਪੂਹਲਾ ਅਤੇ ਜਸਵੰਤ ਜੀਰਖ ਨੇ ਕਿਹਾ ਕਿ ਪਹਿਲਾਂ ਵੀ ਦਰਜਨਾਂ ਇਨਕਲਾਬੀ ਜਮਹੂਰੀ ਲਹਿਰ, ਕਬੀਰ ਕਲਾ ਮੰਚ, ਕਸ਼ਮੀਰ ਤੋਂ ਵਕੀਲਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਦੇਸ਼ ਧ੍ਰੋਹ ਦੇ ਕਾਨੂੰਨ ਤਹਿਤ ਮਨਘੜਤ ਦੋਸ਼ ਲਾ ਕੇ ਜੇਲ੍ਹਾਂ ’ਚ ਬੰਦ ਕੀਤਾ ਹੋਇਆ ਹੈ। ਮੋਦੀ ਹਕੂਮਤ ਨੇ ਦੇਸ਼ ਨੂੰ ਹਿੰਦੂਤਵੀ ਮੁਲਕ ਬਣਾਉਣ ਲਈ ਹਰ ਵਿਰੋਧੀ ਆਵਾਜ਼ ਨੂੰ ਕੁਚਲਣ ਦਾ ਰਾਹ ਫੜਿਆ ਹੋਇਆ ਹੈ।
ਬਠਿੰਡਾ (ਮਨੋਜ ਸ਼ਰਮਾ): ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਯੂਪੀ ਵਿੱਚ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਦੀਆਂ ਹਦਾਇਤਾਂ ’ਤੇ ਕੌਮੀ ਜਾਂਚ ਏਜੰਸੀ ਵੱਲੋਂ ਲੋਕ ਪੱਖੀ ਵਕੀਲਾਂ ਕਿਸਾਨ ਆਗੂਆਂ ਤੇ ਜਮਹੂਰੀ ਕਾਰਕੁਨਾਂ ਦੇ ਘਰਾਂ ਵਿੱਚ ਮਾਰੇ ਜਾ ਰਹੇ ਛਾਪਿਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਜਮਹੂਰੀ ਅਧਿਕਾਰ ਸਭਾ ਤੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ, ਸੂਬਾ ਜਨਰਲ ਸਕੱਤਰ ਪ੍ਰਿਤਪਾਲ ਸਿੰਘ, ਡਾ. ਅਜੀਤਪਾਲ ਸਿੰਘ ਸਕੱਤਰੇਤ ਮੈਂਬਰ ਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਚੰਡੀਗੜ੍ਹ ਵਿਚ ਲੋਕਪੱਖੀ ਵਕੀਲਾਂ ਐਡਵੋਕੇਟ ਮਨਦੀਪ, ਐਡਵੋਕੇਟ ਆਰਤੀ ਤੇ ਐਡਵੋਕੇਟ ਅਜੇ ਕੁਮਾਰ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਹਰ ਉਸ ਤਾਕਤ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਪੱਖੀ ਬੁੱਧੀਜੀਵੀਆਂ, ਕਿਸਾਨ ਆਗੂਆਂ, ਵਕੀਲਾਂ ਅਤੇ ਜਮਹੂਰੀ ਕਾਰਕੁਨਾਂ ਵਿਰੁੱਧ ਐੱਨਆਈਏ ਨੂੰ ਹਥਿਆਰ ਬਣਾ ਕੇ ਵਰਤਣਾ ਬੰਦ ਕੀਤਾ ਜਾਵੇ।