ਪੱਤਰ ਪ੍ਰੇਰਕ
ਧਨੌਲਾ, 11 ਅਗਸਤ
ਸਥਾਨਕ ਸ਼ਹਿਰ ਦੀ ਮਾਨਾਂ ਪੱਤੀ, ਢਿੱਲੋਂ ਪੱਤੀ, ਨਾਲ ਲੱਗਦੇ ਖੇਤਾਂ ਵਿੱਚ ਰਹਿੰਦੇ ਨਿਵਾਸੀਆਂ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਦੀ ਤਜਵੀਜ਼ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅੰਮ੍ਰਿਤ ਬਾਵਾ, ਕਾਲਾ ਸਿੰਘ, ਰਾਜਵਿੰਦਰ ਲੱਕੀ, ਸੰਦੀਪ, ਮਨਦੀਪ ਸਿੰਘ, ਬੱਗਾ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਧਨੌਲਾ ਵੱਲੋਂ ਸੰਘਣੀ ਵਸੋਂ ਵਾਲੇ ਇਲਾਕੇ ਅੰਦਰ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਲਈ ਨਿਰਧਾਰਤ ਕੀਤੀ ਥਾਂ ਦੇ ਨਾਲ ਸਰਕਾਰੀ ਐਲੀਮੈਂਟਰੀ ਸਕੂਲ, ਗੁਰਦੁਆਰਾ ਅਤੇ ਸ਼ਮਸਾਨਘਾਟ ਹੈ ਜਿਸ ਕਾਰਨ ਪਲਾਂਟ ਅੰਦਰੋ ਗੰਦੀ ਬਦਬੂ ਲੋਕਾਂ ਲਈ ਵੱਡੀ ਸਿਰਦਰਦੀ ਦਾ ਸਬੱਬ ਬਣੇਗੀ। ਇਹ ਐਲੀਮੈਂਟਰੀ ਸਕੂਲ ਵਿੱਚ ਪੜ੍ਹਨ ਆਉਦੇ ਬੱਚਿਆਂ ਦੀ ਪੜ੍ਹਾਈ ਨੂੰ ਵੀ ਪ੍ਰਭਾਵਿਤ ਕਰੇਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਜਿਸ ਜਗ੍ਹਾ ਤੇ ਟਰੀਟਮੈਂਟ ਪਲਾਂਟ ਲਗਾਉਣਾ ਚਾਹੁੰਦੀ ਹੈ ਉਹ ਕੌਂਸਲ ਦੀ ਮਲਕੀਅਤ ਨਹੀਂ ਸਗੋਂ ਅਗਵਾੜ ਦੀ ਸਾਂਝੀ ਜਗ੍ਹਾ ਹੈ।ਇਸ ਮੌਕੇ ਮਨਵਿੰਦਰ ਸਿੰਘ,ਬਹੁਦਰ ਸਿੰਘ, ਰਾਜੂ ਖਾਨ, ਸੁਲਤਾਨ ਖਾਨ, ਹਰਵਿੰਦਰ ਰਿਸੀ, ਗੁਰਸੇਵਕ ਸਿੰਘ ਮੌਜੂਦ ਸਨ।