ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੁਲਾਈ
ਪਿੰਡ ਗੁਰਨੇ ਕਲਾਂ ਵਿੱਚ ਨਵੇਂ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਦਾ ਮਾਮਲਾ ਭਖ ਗਿਆ ਹੈ। ਪਿੰਡ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਅਗਵਾਈ ਹੇਠ ਠੇਕੇ ਦਾ ਵਿਰੋਧ ਕਰਦਿਆਂ ਅਚਾਨਕ ਖੁੱਲ੍ਹੇ ਇਸ ਠੇਕੇ ਦੀ ਪੜਤਾਲ ਕਰ ਤੇ ਅਬਕਾਰੀ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲੀਸ ਨੇ ਇਸ ਮਾਮਲੇ ਵਿੱਚ ਕੋਈ ਢਿੱਲ ਵਰਤੀ ਤਾਂ 14 ਜੁਲਾਈ ਨੂੰ ਬੁਢਲਾਡਾ-ਭੀਖੀ ਨੈਸ਼ਨਲ ਹਾਈਵੇ ’ਤੇ ਧਰਨਾ ਲਾਇਆ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਅੱਜ ਕਰ ਤੇ ਅਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡ ਵੱਲੋਂ ਇੱਕ ਲਿਖਤੀ ਅਰਜ਼ੀ ਦੇ ਕੇ ਸੂਚਿਤ ਕੀਤਾ ਹੈ ਕਿ ਭੀਖੀ ਤੋਂ ਬੁਢਲਾਡਾ ਹੋਕੇ ਦਿੱਲੀ ਨੂੰ ਜਾਣ ਵਾਲੇ ਕੌਮੀ ਮਾਰਗ ’ਤੇ ਪਿੰਡ ਗੁਰਨੇ ਕਲਾਂ ਵਿੱਚ ਲੋਕਾਂ ਦੇ ਘਰਾਂ ਦੇ ਬਿਲਕੁਲ ਨਜ਼ਦੀਕ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਡੱਬੇ ਰੱਖਕੇ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰਾਂ ਵੱਲੋਂ ਨਵਾਂ ਠੇਕਾ ਖੋਲ੍ਹਣ ਦੇ ਫਲੈਕਸ ਲਾਕੇ ਗ੍ਰਾਹਕਾਂ ਨੂੰ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਜਦੋਂ ਪਹਿਲਾਂ ਹੀ ਠੇਕਾ ਹੈ ਤਾਂ ਨਵਾਂ ਠੇਕਾ ਖੋਲ੍ਹਣ ਦੀ ਕਰ ਤੇ ਅਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਤੌਰ ’ਤੇ ਆਗਿਆ ਕਿਸ ਰੂਪ ਵਿੱਚ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੜਤਾਲ ਕਰਵਾਕੇ ਤੁਰੰਤ ਠੇਕਾ ਬੰਦ ਕਰਨ ਲਈ ਆਦੇਸ਼ ਦਿੱਤੇ ਗਏ ਹਨ। ਪਿੰਡ ਦੇ ਲੋਕਾਂ ਨੇ ਨਜਾਇਜ਼ ਠੇਕਾ ਖੋਲ੍ਹਣ ਵਾਲਿਆਂ ’ਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਕਰ ਤੇ ਅਬਕਾਰੀ ਵਿਭਾਗ ਦੇ ਅਧਿਕਾਰੀ ਮੁਨੀਸ਼ ਕੁਮਾਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਮਾਮਲੇ ਸਬੰਧੀ ਤੁਰੰਤ ਪੜਤਾਲ ਦੀ ਹਦਾਇਤ ਕੀਤੀ ਹੈ। ਜਥੇਬੰਦੀ ਨੇ ਇਸ ਮਾਮਲੇ ਨੂੰ ਮਾਨਸਾ ਦੇ ਐਸਐਸਪੀ ਡਾ. ਨਾਨਕ ਸਿੰਘ ਦੇ ਵੀ ਧਿਆਨ ਵਿੱਚ ਲਿਆ ਕੇ ਪਿੰਡ ਵਿੱਚ ਖੁੱਲ੍ਹੇ ਨਾਜ਼ਾਇਜ਼ ਸਰਾਬ ਦੇ ਠੇਕੇ ਨੂੰ ਤੁਰੰਤ ਬੰਦ ਕਰਵਾਉਣ ਲਈ ਮੰਗ ਕਰਦਿਆਂ ਅਧਿਕਾਰੀਆਂ ਵੱਲੋਂ ਅਜਿਹੇ ਠੇਕਿਆਂ ਖਿਲਾਫ਼ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ ਹੈ।