ਬਲਜੀਤ ਸਿੰਘ
ਸਰਦੂਲਗੜ੍ਹ, 3 ਸਤੰਬਰ
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਜਥੇਬੰਦਕ ਕਾਨਫਰੰਸ ਅੱਜ ਫੱਤਾ ਮਾਲੋਕਾ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ। ਇਸ ਦੀ ਪ੍ਰਧਾਨਗੀ ਸਾਥੀ ਗੁਰਪਿਆਰ ਸਿੰਘ ਫੱਤਾ, ਜਗਸ਼ੀਰ ਸਿੰਘ ਬਰੇਟਾ , ਸ਼ੰਕਰ ਸਿੰਘ ਜਟਾਣਾ , ਬਰਖਾ ਸਿੰਘ ਦਾਤੇਵਾਸ ਅਤੇ ਦੇਸਰਾਜ ਕੋਟਧਰਮੂ ਨੇ ਕੀਤੀ। ਕਾਨਫਰੰਸ ਵਿੱਚ ਜਥੇਬੰਦੀ ਦੇ ਸੀਨੀਅਰ ਆਗੂ ਅਤੇ ਕੌਮੀ ਉਪ ਪ੍ਰਧਾਨ ਸਾਥੀ ਭੂਪ ਚੰਦ ਚੰਨੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਜ਼ਿਲ੍ਹੇ ਦੀਆਂ ਤਿੰਨਾਂ ਤਹਿਸੀਲਾਂ ਵਿੱਚੋਂ ਪ੍ਰਤੀਨਿਧ ਕਾਨਫਰੰਸ ਵਿੱਚ ਸ਼ਾਮਲ ਹੋਏ। ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਆਗੂ ਸਾਥੀ ਸ਼ੰਕਰ ਸਿੰਘ ਜਟਾਣਾ ਨੇ ਅਦਾ ਕੀਤੀ। ਸ਼ੋਕ ਮਤੇ ਰਾਹੀਂ ਪਿਛਲੇ ਅਰਸੇ ਦੌਰਾਨ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਯੂਨੀਅਨ ਦੇ ਕੌਮੀ ਉਪ ਪ੍ਰਧਾਨ ਸਾਥੀ ਭੂਪ ਚੰਦ ਚੰਨੋਂ ਨੇ ਯੂਨੀਅਨ ਦੇ ਇਤਿਹਾਸ ਬਾਰੇ ਵਿਸਥਾਰ ਵਿੱਚ ਦੱਸਿਆ। ਸ੍ਰੀ ਚੰਨੋਂ ਨੇ ਕਿਹਾ ਕਿ ਜਥੇਬੰਦੀ ਨੇ ਖੇਤ ਮਜ਼ਦੂਰਾਂ ਵਿੱਚ ਜਮਾਤੀ ਅਤੇ ਸਿਆਸੀ ਚੇਤੰਨਤਾ ਨੂੰ ਮਜ਼ਬੂਤ ਕੀਤਾ ਹੈ ਅਤੇ ਹਾਲਾਂ ਵੀ ਇਸਦੇ ਪਾਸਾਰ ਦੀ ਵਧੇਰੇ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਖੰਡ,ਚਾਹ, ਸਰ੍ਹੋਂ ਦੇ ਤੇਲ ਸਮੇਤ ਖਾਣ-ਪੀਣ ਦੀਆਂ ਵਸਤਾਂ ਨੂੰ ਜੀਐੱਸਟੀ ਦੇ ਦਾਇਰੇ ਵਿੱਚ ਲੈ ਲਿਆ ਹੈ, ਜਿਸ ਕਾਰਨ ਮਹਿੰਗਾਈ ਵਿੱਚ ਹੋਰ ਵਾਧਾ ਹੋਵੇਗਾ। ਜਥੇਬੰਦੀ ਦੀ ਸਰਬਸੰਮਤੀ ਨਾਲ ਨਵੀਂ ਚੁਣੀ 11 ਮੈਂਬਰੀ ਜ਼ਿਲ੍ਹਾ ਵਰਕਿੰਗ ਕਮੇਟੀ ਵਿੱਚ ਦੋ ਸੀਟਾਂ ਖਾਲੀ ਰੱਖੀਆਂ ਗਈਆਂ। ਇਸ ਵਿੱਚ ਸਾਥੀ ਜਗਸ਼ੀਰ ਸਿੰਘ ਬਰੇਟਾ ਜ਼ਿਲ੍ਹਾ ਪ੍ਰਧਾਨ, ਸਾਥੀ ਗੁਰਪਿਆਰ ਸਿੰਘ ਫੱਤਾ ਮਾਲੋਕਾ ਜ਼ਿਲਾ ਜਨਰਲ ਸਕੱਤਰ, ਸ਼ੰਕਰ ਸਿੰਘ ਜਟਾਣਾ ਅਤੇ ਦੇਸ ਰਾਜ ਕੋਟਧਰਮੂ ਮੀਤ ਪ੍ਰਧਾਨ, ਹਰਪਾਲ ਸਿੰਘ ਫੱਤਾ ਮਾਲੋਕਾ ਅਤੇ ਸਿਮਰੂ ਸਿੰਘ ਬਰਨ ਜੁਆਇੰਟ ਸਕੱਤਰ ਚੁਣੇ ਗਏ।
ਜਥੇਬੰਦੀ ਦੇ ਸੂਬਾਈ ਇਜਲਾਸ ਜੋ ਕਿ 22 -23 ਸਤੰਬਰ ਨੂੰ ਧੂਤ ਕਲਾਂ (ਹੁਸ਼ਿਆਰਪੁਰ) ਵਿੱਚ ਹੋ ਰਿਹਾ ਹੈ। ਸਬੰਧੀ ਜ਼ਿਲ੍ਹੇ ਵਿੱਚੋਂ ਪੰਜ ਡੈਲੀਗੇਟ ਚੁਣੇ ਗਏ।