ਪੱਤਰ ਪ੍ਰੇਰਕ
ਮਾਨਸਾ, 30 ਦਸੰਬਰ
ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੀ ਸੰਗਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਪਿੰਡ ਰਾਏਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਨਗਰ ਪੰਚਾਇਤਾਂ, ਐਸਜੀਪੀਸੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਸੁੰਦਰ ਫੁੱਲਾਂ ਵਾਲੀ ਗੱਡੀ ਵਿੱਚ ਪਾਲਕੀ ਸਜਾ ਕੇ ਗੁਰਦੁਆਰਾ ਸਾਹਿਬ ਤੋਂ ਇਸ ਨਗਰ ਕੀਰਤਨ ਦੀ ਸ਼ੁਰੂਆਤ ਆਰੰਭੀ ਗਈ। ਨਗਰ ਕੀਰਤਨ ਦੁਰਾਨ ਪੰਜ ਪਿਆਰਿਆਂ ਦੀ ਜ਼ਿੰਮੇਵਾਰੀ ਬਲਜੀਤ ਸਿੰਘ, ਤੀਰਥ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੇ ਬਾਖੂਬੀ ਨਿਭਾਈ। ਪਿੰਡ ਵਿੱਚ ਪੜਾਅ ਦਰ ਪੜਾਅ ਚਾਹ, ਭੁਜੀਆ-ਬਦਾਣਾ, ਸਮੋਸੇ, ਦੁੱਧ, ਮੱਠੀਆਂ, ਪਕੌੜਿਆਂ ਦੇ ਲੰਗਰ ਲਗਾਏ ਗਏ। ਪਿਛਲੇ ਸਾਲਾਂ ਨਾਲੋਂ ਵਿਲੱਖਣਤਾ ਇਸ ਗੱਲ ਦੀ ਸੀ ਕਿ ਸੇਵਾਦਾਰਾਂ ਤੇ ਪਿੰਡ ਦੇ ਨੌਜਵਾਨਾਂ ਨੇ ਸ਼ਰਧਾ ਭਾਵਨਾ ਨਾਲ ਰੰਗ ਬਰੰਗੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ।
ਮਹਿਲ ਕਲਾਂ (ਪੱਤਰ ਪ੍ਰੇਰਕ): ਪਿੰਡ ਵਜੀਦਕੇ ਕਲਾਂ ਵਿੱਚ ਸਥਾਨਕ ਗੁਰਦੁਆਰਾ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਗ੍ਰੰਥੀ ਪ੍ਰਤਾਪ ਸਿੰਘ ਕੈਰੋਂ ਦੇ ਰਾਗੀ ਜਥਾ ਵੱਲੋਂ ਰਸਭਿੰਨਾ ਕੀਰਤਨ ਅਤੇ ਢਾਡੀ ਗੁਰਮੇਲ ਸਿੰਘ ਕਾਲੇਕੇ ਅਤੇ ਬੂਟਾ ਸਿੰਘ ਧੰਦੀਵਾਲ ਨੇ ਵਾਰਾਂ ਪੇਸ਼ ਕੀਤੀਆਂ। ਇਸ ਮੌਕੇ ਸਰਪੰਚ ਗੁਰਮੀਤ ਕੌਰ, ਬਲਜਿੰਦਰ ਸਿੰਘ ਮਿਸ਼ਰਾ, ਕੁਲਜੀਤ ਸਿੰਘ ਵਜੀਦਕੇ ਹਾਜ਼ਰ ਸਨ।
ਗੁਰੂਹਰਸਹਾਏ (ਪੱਤਰ ਪ੍ਰੇਰਕ): ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਿੱਖ ਸਨਾਤਨ ਧਰਮਸ਼ਾਲਾ (ਵੱਡਾ ਗੁਰਦੁਆਰਾ) ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਧਾਰਮਿਕ ਸਮਾਗਮ ਕਰਵਾਇਆ
ਕਾਲਾਂਵਾਲੀ (ਪੱਤਰ ਪ੍ਰੇਰਕ): ਪਿੰਡ ਰਘੂਆਣਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਬਾਬਾ ਜੀਤ ਸਿੰਘ ਨੇ ਦੱਸਿਆ ਕਿ 22 ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਇਸ ਮਗਰੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਕਥਾ ਕੀਰਤਨ ਅਤੇ ਭਾਈ ਸੁਖਰਾਜ ਸਿੰਘ ਨੇ ਕਵੀਸ਼ਰੀ ਰਾਹੀਂ ਹਾਜ਼ਰੀ ਲਵਾਈ। ਇਸ ਮੌਕੇ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਬਾਬਾ ਗੁਲਜ਼ਾਰ ਸਿੰਘ ਬੜਾਗੁੜਾ, ਬਾਬਾ ਸੁਖਪਾਲ ਸਿੰਘ, ਬਾਬਾ ਕੁਲਦੀਪ ਸਿੰਘ, ਆਤਮਾ ਪ੍ਰਕਾਸ਼ ਪ੍ਰਧਾਨ, ਮਨੀ ਸਿੰਘ ਪ੍ਰਧਾਨ, ਸੁਰਜੀਤ ਸਿੰਘ ਪ੍ਰਧਾਨ ਅਤੇ ਸਤਨਾਮ ਸਿੰਘ ਹਾਜ਼ਰ ਸਨ।