ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 20 ਅਪਰੈਲ
ਪਿੰਡ ਖੁੰਡੇ ਹਲਾਲ ’ਚ ਮਜ਼ਦੂਰਾਂ ਨੂੰ ਮਗਨਰੇਗਾ ਅਧੀਨ ਕੀਤੇ ਹੋਏ ਕੰਮ ਦੇ ਪੈਸੇ ਨਾ ਮਿਲਣ ’ਤੇ ਰੋਹ ’ਚ ਆਏ ਵੱਡੀ ਗਿਣਤੀ ’ਚ ਇਕੱਤਰ ਮਜ਼ਦੂਰਾਂ ਵੱਲੋਂ ਪਿੰਡ ਦੇ ਸਰਪੰਚ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇਹਲਾਲ, ਤਰਸੇਮ ਸਿੰਘ ਖੁੰਡੇ ਹਲਾਲ, ਕਿਸਾਨ ਸੁਖਜਿੰਦਰ ਸਿੰਘ, ਤਿਰਲੋਕ ਸਿੰਘ ਨੇ ਦੱਸਿਆ ਕਿ ਜੂਨ 2020 ਵਿੱਚ ਯੂਨੀਅਨ ਦੀ ਅਗਵਾਈ ’ਚ ਦਬੜਾ ਮਾਈਨਰ ਦੇ ਨਾਲ ਖਾਲਿਆਂ ਤੋਂ ਮਿੱਟੀ ਚੁੱਕਣ ਦਾ ਕੰਮ ਮਨਰੇਗਾ ਤਹਿਤ ਮਜ਼ਦੂਰਾਂ ਨੇ ਕੀਤਾ ਸੀ ਅਤੇ ਕਿਸਾਨਾਂ ਵੱਲੋਂ ਟਰਾਲੀਆਂ ਲਗਾਈਆਂ ਗਈਆਂ ਸਨ।
ਆਗੂਆਂ ਨੇ ਪਿੰਡ ਦੇ ਸਰਪੰਚ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਸਮੇਂ ਸਰਪੰਚ ਨੇ ਮਜ਼ਦੂਰਾਂ ਦੇ ਮਸਟਰੋਲ ਨਹੀਂ ਨਿਕਲਣ ਦਿੱਤੇ, ਉਸ ਕੰਮ ਦੇ ਲੱਗੇ ਅਸਟੀਮੇਟ ਕੋਡ 2616991955/ਆਈਸੀ/83734 ਵਿੱਚ ਮਸਟਰੋਲ ਨੰ: 4078, 4541 6360 6361 ਰਾਹੀਂ ਆਪਣੇ ਪੱਖ ਦੇ ਮਜ਼ਦੂਰਾਂ ਦੇ ਖਾਤਿਆਂ ’ਚ ਨਾਜਾਇਜ਼ ਤਰੀਕੇ ਨਾਲ ਨਾਂ ਪਾ ਕੇ ਹੇਰਾ ਫੇਰੀ ਕੀਤੀ, ਜਦੋਂਕਿ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ। ਇਸੇ ਤਰ੍ਹਾਂ ਮਾਰਚ 2020 ’ਚ ਜਦੋਂ ਕਰੋਨਾ ਮਹਾਮਾਰੀ ਕਾਰਨ ਕਰਫਿਊ ਲੱਗਿਆ ਹੋਇਆ ਸੀ ਤਾਂ ਸੜਕਾਂ ਦੇ ਰੋਡ ਬਰਮ ਵਰਕ ਕੋਡ ਨੰ: 2616001055/ਆਰ ਸੀ/9989012545 ਨੰ: ’ਚ 100 ਦੇ ਕਰੀਬ ਮਜ਼ਦੂਰਾਂ ਦੇ 18 ਮਾਰਚ ਤੋਂ 31 ਮਾਰਚ ਤੱਕ ਮਸਟਰੋਲ ਕਢਵਾ ਕੇ ਮਨਰੇਗਾ ਦੇ ਫੰਡਾਂ ਦੀ ਹੇਰਾਫੇਰੀ ਕੀਤੀ।
ਇਸ ਤਰ੍ਹਾਂ ਵਾਟਰ ਵਰਕਸ ਦੇ ਐੱਸਐੱਸ ਟੈਕ, ਫਿਲਟਰ ਮੀਡੀਆ, ਡਿੱਗੀਆਂ ਸਾਟ ਤੇ ਘਾਹ ਫੂਸ ਦੀ ਸਫ਼ਾਈ ਦਾ ਡਬਲਯੂ/ਸੀ/998899805 ਐਸਟੀਮੇਟ ਦੀ ਰਕਮ 3 ਲੱਖ 54 ਹਜ਼ਾਰ ਦੀ ਰਕਮ ਨਾਲ ਫਿਲਟਰ, ਟੈਂਕ, ਡਿੱਗੀਆਂ ਤਾਂ ਸਾਫ਼ ਨਹੀਂ ਕੀਤੀਆਂ ਪਰ ਸਾਰੇ ਪੈਸੇ ਗਬਨ ਕਰ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਗਬਨ ਕੀਤੇ ਕੰਮਾਂ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ। ਮਜ਼ਦੁੂਰ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਬਾਰੇ 14 ਮਾਰਚ ਨੂੰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨਾਲ ਮੀਟਿੰਗਾਂ ਕਰਕੇ ਦਰਖਾਸਤਾਂ ਵੀ ਦਿੱਤੀਆਂ ਤੇ ਇਹ ਮਾਮਲਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਧਿਆਨ ਹਿੱਤ ਵੀ ਹੈ।
ਪਿੰਡ ਖੁੰਡੇ ਹਲਾਲ ਦੇ ਸਰਪੰਚ ਨੇ ਦੋਸ਼ ਨਕਾਰੇ
ਪਿੰਡ ਦੇ ਸਰਪੰਚ ਹੰਸਾ ਸਿੰਘ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਨ੍ਹਾਂ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹੇਰਾ ਫੇਰੀ ਨਹੀਂ ਹੋਈ ਹੈ, ਜਿਸ ਲਈ ਰਿਕਾਰਡ ਵੀ ਚੈੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਜ਼ਦੂਰ ਆਗੂਆਂ ਵੱਲੋਂ ਉਨ੍ਹਾਂ ਨੂੰ ਸਰਪੰਚੀ ਤੋਂ ਲਾਉਣ ਲਈ ਹੀ ਬਦਨਾਮ ਕੀਤਾ ਜਾ ਰਿਹਾ ਹੈ।
ਬਲਮਗੜ੍ਹ ਦੀ ਸਰਪੰਚ, ਗਰਾਮ ਸੇਵਕ ਤੇ ਮੇਟ ਖ਼ਿਲਾਫ਼ ਕੇਸ ਦਰਜ
ਸ੍ਰੀ ਮੁਕਤਸਰ ਸਾਹਿਬ (ਨਿਜੀ ਪੱਤਰ ਪ੍ਰੇਰਕ) ਮਗਨਰੇਗਾ ਫੰਡਾਂ ਵਿੱਚ ਘਪਲੇਬਾਜ਼ੀ ਦੇ ਦੋਸ਼ਾਂ ਤਹਿਤ ਥਾਣਾ ਸਦਰ ਵਿੱਚ ਪਿੰਡ ਬਲਮਗੜ੍ਹ ਦੀ ਸਰਪੰਚ ਗੁਰਮੀਤ ਕੌਰ, ਗਰਾਮ ਸੇਵਕ ਚਰਨਜੀਤ ਸਿੰਘ ਤੇ ਮਗਨਰੇਗਾ ਮੇਟ ਗ੍ਰਾਮ ਪੰਚਾਇਤ ਰਜਿੰਦਰ ਸਿੰਘ ਖ਼ਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਦੇ ਕੇ ਮਗਨਰੇਗਾ ਸਕੀਮ ਤਹਿਤ ਪਿੰਡ ਬਲਮਗੜ੍ਹ ਦੀ ਪੰਚਾਇਤ ਵੱਲੋਂ ਕੀਤੇ ਘਪਲੇ ਸਬੰਧੀ ਕੇਸ ਦਰਜ ਕਰਨ ਲਈ ਕਿਹਾ ਸੀ| ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਨਰੇਗਾ ਮਜ਼ਦੂਰਾਂ ਦੀ ਮਜ਼ਦੂਰੀ ਦੇ 1 ਲੱਖ 16 ਹਜ਼ਾਰ 206 ਰੁਪਏ ਦਾ ਗਬਨ ਕੀਤਾ ਸੀ| ਪੁਲੀਸ ਨੇ ਇਸ ਮਾਮਲੇ ਸਬੰਧੀ ਉਪ ਜ਼ਿਲ੍ਹਾ ਅਟਾਰਨੀ ਦਲਜੀਤ ਸ਼ਰਮਾ ਵੱਲੋਂ ਕੀਤੀ ਜਾਂਚ ਨਾਲ ਸਹਿਮਤ ਹੁੰਦਿਆਂ ਸਰਕਾਰੀ ਫੰਡਾਂ ਦਾ ਗਬਨ, ਧੋਖਾਧੜੀ, ਝੂਠਾ ਰਿਕਾਰਡ ਤਿਆਰ ਕਰਨ ਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਦੇ ਦੋਸ਼ਾਂ ਤਹਿਤ ਸਰਪੰਚ, ਗਰਾਮ ਸੇਵਕ ਤੇ ਮੇਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ| ਪੜਤਾਲ ਅਨੁਸਾਰ ਗੁਰਮੀਤ ਕੌਰ ਵੱਲੋਂ ਮੁਲਾਜ਼ਮਾਂ ਨਾਲ ਮਿਲ ਕੇ ਮਗਨਰੇਗਾ ਸਕੀਮ ਤਹਿਤ ਪ੍ਰਾਪਤ ਹੋਏ ਫੰਡਾਂ ਵਿੱਚੋਂ ਆਪਣੇ ਹੀ ਚਹੇਤਿਆਂ ਦੇ ਖਾਤਿਆਂ ਵਿੱਚ 1,16,206 ਰੁਪਏ ਦਾ ਗਬਨ ਕੀਤਾ ਹੈ| ਦਰਜ ਕੇਸ ਅਨੁਸਾਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਕੀਤੀ ਪੜਤਾਲ ਦੌਰਾਨ ਇਸੇ ਪਿੰਡ ਵਿੱਚ ਮਗਨਰੇਗਾ ’ਚ 18 ਲੱਖ 3 ਹਜ਼ਾਰ 637 ਦਾ ਵੱਖਰਾ ਗਬਨ ਹੋਇਆ ਹੈ ਜਿਸ ਸਬੰਧੀ ਦੋਸ਼ੀ ਨਾਮਜ਼ਦ ਕਰਨੇ ਬਾਕੀ ਹਨ| ਪੁਲੀਸ ਮੁਖੀ ਨੇ ਇਸ ਸਾਰੇ ਮਾਮਲੇ ਦੀ ਜਾਂਚ ਲਈ ਇਕ ‘ਸਿਟ’ ਬਣਾ ਦਿੱਤੀ ਹੈ।