ਪੱਤਰ ਪ੍ਰੇਰਕ
ਟੱਲੇਵਾਲ, 20 ਅਕਤੂਬਰ
ਪਿੰਡ ਬਖ਼ਤਗੜ੍ਹ ਵਿੱਚ ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ਉਪਰ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ’ਤੇ ਪਿੰਡ ਦੀ ਪੰਚਾਇਤ ਵਲੋਂ ਇਤਰਾਜ਼ ਜਤਾਇਆ ਗਿਆ ਹੈ ਅਤੇ ਪ੍ਰਸ਼ਾਸਨ ਨੂੰ ਇਸ ਵਿਰੁੱਧ ਮੰਗ ਪੱਤਰ ਦਿੱਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਗਏ।
ਪਿੰਡ ਬਖ਼ਤਗੜ੍ਹ ਦੀ ਸਰਪੰਚ ਹਰਜੀਤ ਕੌਰ ਦੇ ਪੁੱਤਰ ਤਰਨਜੀਤ ਸਿੰਘ, ਪਾਲ ਸਿੰਘ ਬਖਤਗੜ੍ਹ, ਯਾਦਵਿੰਦਰ ਸਿੰਘ ਗਿਆਨੀ ਅਤੇ ਅਜੀਤ ਸਿੰਘ ਨੇ ਨਾਜਾਇਜ਼ ਸ਼ਰਾਬ ਦੇ ਠੇਕੇ ਅੱਗੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਹਾਈ ਕੋਰਟ ਵਲੋਂ ਨੈਸ਼ਨਲ ਹਾਈਵੇਅ ’ਤੇ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਮਨਾਹੀ ਹੈ, ਪਰ ਸ਼ਰਾਬ ਦੇ ਕਾਰੋਬਾਰੀ ਐਕਸਾਈਜ਼ ਵਿਭਾਗ ਦੀ ਮਿਲੀਭੁਗਤ ਨਾਲ ਅਦਾਲਤ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਦਾ ਠੇਕਾ ਖੁੱਲ੍ਹਣ ਕਾਾਰਨ ਪਿੰਡ ਬਖਤਗੜ੍ਹ ਦੇ ਬੱਸ ਅੱਡੇ ’ਤੇ ਬੈਠੀਆਂ ਔਰਤ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ, ਈ.ਟੀ.ਓ ਬਰਨਾਲਾ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਥੇ ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਈ.ਟੀ.ਓ ਵਿਨੀਤ ਕੁਮਾਰ ਨੇ ਕਿਹਾ ਕਿ ਕੌਮੀ ਮਾਰਗ ਉਪਰ ਸ਼ਰਾਬ ਦਾ ਠੇਕਾ ਚਲਾਉਣ ਲਈ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਜਿਸ ਕਰਕੇ ਇਸ ਠੇਕੇ ਸਬੰਧੀ ਬਣਦੀ ਰਿਪੋਰਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਅਤੇ ਅਗਲੀ ਕਾਰਵਾਈ ਉੱਚ ਅਧਿਕਾਰੀ ਕਰਨਗੇ।