ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਮਾਰਚ
ਮੁਕਤਸਰ ਤੋਂ ਜਲਾਲਾਬਾਦ ਤੱਕ 754-ਨੈਸ਼ਨਲ ਹਾਈਵੇਅ ਸੜਕ ਅਧੀਨ ਆਉਂਦੇ ਪਿੰਡ ਵਧਾਈ, ਸੋਹਣੇਵਾਲਾ, ਫੱਤਣਵਾਲਾ, ਅਕਾਲਗੜ੍ਹ, ਰੋੜਾਂਵਾਲੀ ਤੇ ਖੜੂੰਜ ਪਿੰਡਾਂ ਦੇ ਲੋਕਾਂ ਦਾ ਰੋਸ ਸੀ ਕਿ ਠੇਕੇਦਾਰ ਕਥਿਤ ਤੌਰ ’ਤੇ ਨਾ ਤਾਂ ਸੜਕ ਦੀ ਸਫ਼ਾਈ ਕਰਦਾ ਹੈ ਅਤੇ ਨਾ ਹੀ ਮੈਟੀਰੀਅਲ ਪੂਰਾ ਪਾਉਂਦਾ ਹੈ। ਲੋਕਾਂ ਨੇ ਸੜਕ ਨਿਰਮਾਣ ਅਧਿਕਾਰੀਆਂ ਦੀ ਘੇਰਾਬੰਦੀ ਕਰ ਕੇ ਸੜਕ ਦੀ ਉਸਾਰੀ ਪੁਖ਼ਤਾ ਕਰਨ ਦੀ ਮੰਗ ਕੀਤੀ ਅਤੇ ਠੇਕੇਦਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਲੋਕਾਂ ਨੇ ਦੋਸ਼ ਲਾਇਆ ਕਿ ਸੋਮਾ ਗੋਦਾਮ ਤੱਕ 33 ਫੁੱਟ ਹੈ ਤੇ ਅੱਗੋਂ ਸ਼ਹਿਰ ਵੱਲ ਨਾਜਾਇਜ਼ ਕਬਜ਼ਿਆਂ ਕਾਰਨ ਇਹ ਮਹਿਜ਼ 28 ਫੁੱਟ ਰਹਿ ਜਾਂਦੀ ਹੈ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਇਹ ਮਾਮਲਾ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਦੇ ਧਿਆਨ ਵਿੱਚ ਲਿਆਂਦਾ ਜਿਸ ’ਤੇ ਪੀ. ਡਬਲਿਯੂ. ਡੀ. ਦੇ ਐੱਸਡੀਓ ਮਨਪ੍ਰੀਤ ਸਿੰਘ ਨੇ ਮੌਕੇ ’ਤੇ ਜਾ ਕੇ ਦੱਸਿਆ ਕਿ ਜਿੱਥੇ ਸੜਕ 28 ਫੁੱਟ ਬਣੀ ਹੋਈ ਹੈ, ਉੱਥੇ 5 ਫੁੱਟ ਵਿੱਚ ਸੀਵਰੇਜ ਪਾ ਕੇ ਫਿਰ 5 ਫੁੱਟ ਸੜਕ ਬਣੇਗੀ ਤੇ ਅੱਗੇ ਜਿਹੜੀ ਸੜਕ ਬਣ ਰਹੀ ਹੈ, ਉਸ ਲਈ ਸਬੰਧਤ ਪਿੰਡਾਂ ਦੇ ਲੋਕ ਨਿਗਰਾਨੀ ਰੱਖਣਗੇ ਤੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਆਵੇਗਾ। ਇਸ ਦੌਰਾਨ ਹਨੀ ਫੱਤਣਵਾਲਾ ਨੇ ਹਾਲ ਦੀ ਘੜੀ ਲੋਕਾਂ ਤੇ ਠੇਕੇਦਾਰ ਦਰਮਿਆਨ ਪੈਦਾ ਹੋਇਆ ਟਕਰਾਅ ਠੰਡਾ ਕਰ ਦਿੱਤਾ। ਇਸ ਮੌਕੇ ਇੰਜ. ਮੁਨੀਸ਼ ਅਗਰਵਾਲ, ਅਦਰੀਸ਼ ਕਮਾਰ ਅਸਿਸਟੈਂਟ ਇੰਜੀਨੀਅਰ, ਸ਼ਾਮਜੀਤ ਸਿੰਘ ਸੰਧੂ ਖੜੂੰਜ, ਜੀਤ ਸਿੰਘ ਸਰਪੰਚ ਰੋੜਾਂਵਾਲੀ, ਜਸਵੀਰ ਸਿੰਘ ਸਰਪੰਚ ਸੋਹਣੇਵਾਲਾ, ਗੋਗੀ ਸਰਪੰਚ ਅਕਾਲਗੜ੍ਹ, ਦਵਿੰਦਰ ਸਿੰਘ ਸਰਪੰਚ ਕਾਲੇਵਾਲਾ, ਰੌਬੀ ਬਰਾੜ, ਕਰਨਦੀਪ ਸਿੰਘ ਮੈਂਬਰ ਫੱਤਣਵਾਲਾ, ਬਲਕਰਨ ਸਿੰਘ ਔਲਖ, ਗੁਰਦੀਪ ਸਿੰਘ ਗਾਗਾ, ਸ਼ਾਹਬਾਜ ਸਿੰਘ ਔਲਖ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।