ਪੱਤਰ ਪ੍ਰੇਰਕ
ਬੁਢਲਾਡਾ, 23 ਅਪਰੈਲ
ਜ਼ਿਲ੍ਹੇ ਅੰਦਰ ਲਗਾਏ ਜਾ ਰਹੇ ਬਲਾਕ ਪੱਧਰੀ ਸਿਹਤ ਮੇਲਿਆਂ ਦੀ ਲੜੀ ਤਹਿਤ ਅੱਜ ਸਬ-ਡਿਵੀਜ਼ਨ ਹਸਪਤਾਲ ਬੁਢਲਾਡਾ ਵਿਚ ਸਿਹਤ ਮੇਲਾ ਲਗਾਇਆ ਗਿਆ। ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਮੇਲੇ ਦੌਰਾਨ 1500 ਤੋਂ ਵਧੇਰੇ ਲੋਕਾਂ ਨੇ ਸਿਹਤ ਜਾਂਚ ਕਰਵਾਈ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਹਰ ਬਿਮਾਰੀ ਦੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਨੂੰ ਸਿਹਤਮੰਦ ਜ਼ਿੰਦਗੀ ਜਿਊਣ ਲਈ ਨੁਕਤੇ ਸਾਂਝੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਮਾਜ ਭਲਾਈ ਸੰਸਥਾ ਨੇਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾ ਕੇ 72 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮਲੇਰੀਆ ਤੇ ਡੇਂਗੂ ਦੇ ਖ਼ਾਤਮੇ ਲਈ 18 ਤੋਂ 25 ਅਪਰੈਲ ਤੱਕ ਮਲੇਰੀਆ ਹਫ਼ਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਪ੍ਰਦਰਸ਼ਨੀ ਲਗਾ ਕੇ ਅਤੇ ਸਾਹਿਤ ਵੰਡ ਕੇ ਵੱਖ-ਵੱਖ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਾ. ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਨੇ ਦੱਸਿਆ ਕਿ ਇਸ ਸਿਹਤ ਮੇਲੇ ਵਿੱਚ 365 ਲੈਬ ਟੈਸਟ ਵੀ ਕੀਤੇ ਗਏ ਅਤੇ ਨਾਲੋ-ਨਾਲ ਲੋੜਵੰਦਾਂ ਦੇ ਮੁਫ਼ਤ ਐਕਸਰੇ ਵੀ ਕੀਤੇ ਗਏ। ਇਸ ਮੌਕੇ ਲੋੜਵੰਦ ਲਾਭਪਾਤਰੀਆਂ ਦੀ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ।