ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ 3 ਨਵੰਬਰ
ਇਥੇ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਨੇ ਆਪਣੀ ਡਵੀਜ਼ਨ ਵਿਚ ਪੈਂਦੇ ਸਟੇਸ਼ਨਾਂ ’ਤੇ ਤਾਇਨਾਤ ਸਟਾਫ ਨੂੰ ਉਦੋਂ ਤੱਕ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਹੈ, ਜਦੋਂਕਿ ਰੇਲ ਗੱਡੀਆਂ ਪਟੜੀਆਂ ’ਤੇ ਨਹੀਂ ਦੌੜਦੀਆਂ। ਆਦੇਸ਼ ਮਗਰੋਂ ਸਟੇਸ਼ਨਾਂ ’ਤੇ ਦਿਨ ਤੇ ਰਾਤ ਮੌਕੇ ਸਿਰਫ ਇੱਕੋ ਕਰਮਚਾਰੀ ਹੀ ਤਾਇਨਾਤ ਰਹਿੰਦਾ ਹੈ। ਜਾਣਕਾਰੀ ਮੁਤਾਬਕ ਉੱਤਰ ਰੇਲਵੇ ਫਿਰੋਜ਼ਪੁਰ ਡਿਵੀਜ਼ਨ ’ਚ ਗੋਨਿਆਣਾ ਰੇਲਵੇ ਸਟੇਸ਼ਨ ਤੋਂ ਜੰਮੂ ਰੇਲਵੇ ਸਟੇਸ਼ਨ, ਸਾਨ੍ਹੇਵਾਲ ਰੇਲਵੇ ਸਟੇਸ਼ਨ ਤੋਂ ਫਿਰੋਜ਼ਪੁਰ ਸਟੇਸ਼ਨ ਤੱਕ ਕਰੀਬ ਢਾਈ ਸਟੇਸ਼ਨ ਆਉਂਦੇ ਹਨ। ਇਨ੍ਹਾਂ ਸਟੇਸ਼ਨਾਂ ’ਤੇ ਤਾਇਨਾਤ ਸਟਾਫ ਨੇ ਤਾਲਾਬੰਦੀ ਤੋਂ ਹੁਣ ਤੱਕ ਰੇਲ ਤੋਂ ਕਰੀਬ 15 ਕਰੋੜ ਰੁਪਏ ਓਵਰ ਟਾਈਮ ਦੇ ਕਲੇਮ ਕੀਤਾ ਹੈ। ਫਿਰੋਜ਼ਪੁਰ ਮੰਡਲ ਨੇ ਇਹ ਫਾਈਲ ਰੇਲ ਮੰਤਰਾਲੇ ਨਵੀਂ ਦਿੱਲੀ ਨੂੰ ਭੇਜੀ। ਰੇਲਵੇ ਸਟੇਸ਼ਨ ਕੋਟਕਪੂਰਾ ਇੰਚਾਰਜ ਹਰੀ ਨਰਾਇਣ ਮੀਨਾ ਨੇ ਇਸ ਆਦੇਸ਼ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਟੇਸ਼ਨ ਤੋਂ ਸਟਾਫ ਹਟਾ ਦਿੱਤਾ ਗਿਆ ਹੈ। ਕਰਮਚਾਰੀਆਂ ਦੇ ਕਲੇਮ ਬਾਰੇ ਉਨ੍ਹਾਂ ਆਖਿਆ ਕਿ ਇਹ ਵਿਭਾਗ ਦਾ ਅੰਦਰੂਨੀ ਮਾਮਲਾ ਹੈ।