ਪੱਤਰ ਪ੍ਰੇਰਕ
ਡੱਬਵਾਲੀ, 2 ਜੂਨ
ਡੱਬਵਾਲੀ ਖੇਤਰ ’ਚ ਆਕਸੀਜਨ ਦੀ ਕਿੱਲਤ ਦੇ ਸਥਾਈ ਹੱਲ ਖਾਤਰ ਵਿਧਾਇਕ ਅਮਿਤ ਸਿਹਾਗ ਕੋਸ਼ਿਸ਼ਾਂ ਸਦਕਾ ਸਰਕਾਰੀ ਹਸਪਤਾਲ ’ਚ ਆਕਸੀਜਨ ਪਲਾਂਟ ਦੀ ਮਸ਼ੀਨਰੀ ਪੁੱਜ ਗਈ ਹੈ। ਮਲਟੀ ਨੈਸ਼ਨਲ ਕੰਪਨੀ ਕਲੀਨ ਮੈਕਸ ਇਨਵਾਇਰ ਸਾਲਿਊਸ਼ਨ ਪ੍ਰਾਇਵੇਟ ਲਿਮਿਟਡ ਮੁੰਬਈ ਵੱਲੋਂ ਭੇਜਿਆ ਪਲਾਂਟ ਲਗਪਗ ਇੱਕ ਹਫ਼ਤੇ ਵਿੱਚ ਕੰਮਕਾਜ ਸ਼ੁਰੂ ਕਰ ਦੇਵੇਗਾ। ਪ੍ਰਤੀ ਮਿੰਟ ਪੰਜ ਸੌ ਲੀਟਰ ਆਕਸੀਜਨ ਤਿਆਰ ਕਰਨ ਵਾਲਾ ਪਲਾਂਟ ਆਸਟਰੇਲੀਆ ਵੱਲੋਂ ਮੰਗਵਾਇਆ ਗਿਆ ਹੈ। ਆਕਸੀਜਨ ਪਲਾਂਟ ਲਗਵਾਉਣ ਵਾਲੀ ਕੰਪਨੀ ਅਮਰੀਕਾ ਦੇ ਬਿੱਲ ਗੇਟਸ ਫਾਊਂਡੇਸ਼ਨ ਅਤੇ ਹੋਰਨਾਂ ਪ੍ਰਮੁੱਖ ਸੰਸਥਾਵਾਂ ਨਾਲ ਜੁੜੀ ਹੋਈ ਹੈ। ਕੰਪਨੀ ਹੋਰ ਜਗਾ ’ਤੇ ਆਕਸੀਜਨ ਪਲਾਟ ਲਗਾਉੁਣਾ ਚਾਹੁੰਦੀ ਸੀ। ਕੰਪਨੀ ਦੇ ਅਧਿਕਾਰੀਆਂ ਵੱਲੋਂ ਹਸਪਤਾਲ ਦੇ ਦੌਰੇ ਮੌਕੇ ਆਕਸੀਜਨ ਪਲਾਂਟ ਇੱਥੇ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ। ਵਿਧਾਇਕ ਅਮਿਤ ਸਿਹਾਗ ਨੇ ਦੱਸਿਆ ਕਿ ਇਸ ਪਲਾਂਟ ਨੂੰ ਸਥਾਪਤੀ ਕਰਨ ਖਾਤਰ ਲੋੜੀਂਦਾ ਢਾਂਚਾ ਤਿਆਰ ਕਰਣ ਲਈ ਉਹ ਲਗਾਤਾਰ ਪੀਡਬਲਿਊਡੀ ਬਿਜਲੀ ਬੋਰਡ ਅਤੇ ਸਰਕਾਰੀ ਹਸਪਤਾਲ ਦੇ ਸਟਾਫ਼ ਦੇ ਬਿਹਤਰ ਤਾਲਮੇਲ ਸਦਕਾ ਜ਼ਿਆਦਾਤਰ ਕੰਮ ਨੇਪਰੇ ਚੜ੍ਹ ਚੁੱਕਿਆ ਹੈ।
ਆਕਸੀਜਨ ਪਲਾਂਟ ਲਾਉਣ ਲਈ ਹਰਕਤ ’ਚ ਆਇਆ ਪ੍ਰਸ਼ਾਸਨ
ਮਾਨਸਾ (ਪੱਤਰ ਪ੍ਰੇਰਕ): ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਪੀਐਸਏ ਆਕਸੀਜਨ ਪਲਾਂਟ ਸਥਾਪਤ ਕਰਨ ਲਈ ਆਪਣੇ ਐਮਪੀ ਲੈਡਜ਼ ਫੰਡ ’ਚੋਂ ਦਿੱਤੇ 1.43 ਕਰੋੜ ਦੇ ਚੈਕ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਪਲਾਂਟ ਲਗਾਉਣ ਲਈ ਹਰਕਤ ਵਿੱਚ ਗਿਆ ਹੈ। ਡੀਸੀ ਨੇ ਕਿਹਾ ਕਿ ਦੱਸਿਆ ਕਿ ਇਸ ਪਲਾਂਟ ਰਾਹੀਂ 500 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਨਾਲ ਆਕਸੀਜਨ ਦਾ ਉਤਪਾਦਨ ਹੋਵੇਗਾ ਅਤੇ ਲੋੜ ਪੈਣ ਉੱਤੇ ਸਿਲੰਡਰ ਭਰਕੇ ਜ਼ਿਲ੍ਹੇ ਦੀਆਂ ਹੋਰ ਸਬ ਡਵੀਜ਼ਨਾਂ ਦੇ ਹਸਪਤਾਲਾਂ ਵਿੱਚ ਵੀ ਭੇਜੇ ਜਾ ਸਕਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਲਾਂਟ ਸਥਾਪਤ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਕਿ ਸਮੁੱਚੇ ਪ੍ਰੋਜੈਕਟ ਨੂੰ ਤੇਜ਼ੀ ਨਾਲ ਨੇਪਰੇ ਚੜ੍ਹਾਉਣ ਲਈ ਕਾਰਜਸ਼ੀਲ ਰਹੇਗੀ।