ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 16 ਜੂਨ
ਬੀਤੀ ਰਾਤ ਪਿੰਡ ਭੰਬਾਵੱਟੂ ਉਤਾੜ ਨਜ਼ਦੀਕ ਲਾਧੂਕਾ ਮਾਈਨਰ ਬੁਰਜੀ ਨੰਬਰ-154 ਤੋਂ ਟੁੱਟ ਜਾਣ ਕਾਰਨ ਨਾਲ ਲੱਗਦੇ ਖੇਤਾਂ ’ਚ ਪਾਣੀ ਭਰ ਗਿਆ ਅਤੇ ਝੋਨੇ ਦੀ ਬਿਜਾਈ ਹੋਈ ਕਰੀਬ 60 ਏਕੜ ਫਸਲ ਬਰਬਾਦ ਹੋ ਗਈ। ਦੱਸਣਯੋਗ ਹੈ ਕਿ ਲਾਧੂਕਾ ਮਾਈਨਰ ਹਰ ਸਾਲ ਹੀ ਮੌਜੂਦਾ ਸੀਜ਼ਨ ਦੌਰਾਨ ਇਸ ਥਾਂ ਤੋਂ ਟੁੱਟ ਜਾਂਦੀ ਹੈ। ਕਿਸਾਨ ਵਾਰ-ਵਾਰ ਦੁਹਾਈ ਦਿੰਦੇ ਹਨ ਕਿ ਮਾਈਨਰ ’ਚ ਪਾਣੀ ਛੱਡਣ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਸਫ਼ਾਈ ਕਰਵਾ ਦਿੱਤੀ ਜਾਵੇ ਪਰ ਵਿਭਾਗ ਵਲੋਂ ਕਥਿਤ ਤੌਰ ’ਤੇ ਗੰਭੀਰਤਾ ਨਹੀਂ ਦਿਖਾਈ ਜਾਂਦੀ।
ਕਿਸਾਨ ਸੁਖਵਿੰਦਰ ਸਿੰਘ, ਹਰਦੀਪ ਸਿੰਘ, ਰਾਜ ਕੁਮਾਰ, ਪਵਨ ਕੁਮਾਰ, ਤਾਰਾ ਸਿੰਘ, ਜਰਨੈਲ ਸਿੰਘ ਤੇ ਚੰਨ ਸਿੰਘ ਨੇ ਦੱਸਿਆ ਕਿ ਹਰ ਸਾਲ ਲਾਧੂਕਾ ਮਾਈਨਰ ਇਸ ਥਾਂ ਤੋਂ ਟੁੱਟ ਜਾਂਦੀ ਹੈ ਅਤੇ ਹਰ ਵਾਰ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਪਾਣੀ ਛੱਡਣ ਤੋਂ ਪਹਿਲਾਂ ਮਾਈਨਰ ਦੀ ਚੰਗੀ ਤਰ੍ਹਾਂ ਸਫ਼ਾਈ ਨਹੀਂ ਕੀਤੀ ਜਾਂਦੀ ਅਤੇ ਜਦੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਮਾਈਨਰ ਟੁੱਟ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਪਾਣੀ ਦੀ ਬਚਤ ਲਈ ਉਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਮਾਈਨਰ ਟੁੱਟਣ ਕਾਰਨ ਉਨ੍ਹਾਂ ਦਾ ਝੋਨਾ ਬਰਬਾਦ ਹੋ ਗਿਆ ਹੈ ਜਿਸ ਨਾਲ ਉਨ੍ਹਾਂ ਦਾ ਕਰੀਬ 6-7 ਹਜ਼ਾਰ ਰੁਪਏ ਪ੍ਰਤੀ ਏਕੜ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਨੂੰ ਮੁੜ ਝੋਨੇ ਦੀ ਬਿਜਾਈ ਕਰਨੀ ਪਵੇਗੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਹਿਰ ਟੁੱਟਣ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਮਾਈਨਰ ਦੀ ਛੇਤੀ ਕਰਵਾਈ ਜਾਵੇਗੀ ਮੁਰੰਮਤ: ਐੱਸਡੀਓ
ਐੱਸਡੀਓ ਸੁਨੀਲ ਕੁਮਾਰ ਨੇ ਦੱਸਿਆ ਮਾਈਨਰ ਦਾ ਪਾਣੀ ਪਿੱਛੋਂ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਮਾਈਨਰ ਨੂੰ ਜੋੜਣ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 160 ਨੰਬਰ ਬੁਰਜੀ ਤੱਕ ਸਫ਼ਾਈ ਕਰਵਾ ਦਿੱਤੀ ਗਈ ਸੀ।