ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਕਤੂਬਰ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 48 ਘੰਟਿਆਂ ਦੇ ਅੰਦਰ ਝੋਨੇ ਦੀ ਫ਼ਸਲ ਦੀ ਅਦਾਇਗੀ ਕਰਨ ਦੇ ਸਭ ਦਾਅਵੇ ਠੁੱਸ ਹੋ ਕੇ ਰਹਿ ਗਏ ਹਨ। ਇਥੇ ਕਿਸਾਨਾਂ ਨੂੰ 8-8 ਦਿਨ ਹੋ ਗਏ ਹਨ, ਝੋਨਾ ਵੇਚੇ ਨੂੰ, ਪਰ ਅੱਜ ਤੱਕ ‘ਇੱਕ ਨਵਾਂ ਪੈਸਾ’ ਉਨ੍ਹਾਂ ਨੂੰ ਨਹੀਂ ਪ੍ਰਾਪਤ ਹੋਇਆ ਹੈ।
ਕੱਚਾ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਦੀਆਂ ਏਜੰਸੀਆਂ ਨੇ ਕਿਸਾਨਾਂ ਤੋਂ ਝੋਨਾ ਤਾਂ ਤੁਲਵਾ ਲਿਆ ਪਰ ਹੁਣ ਉਨ੍ਹਾਂ ਦੇ ਪੈਸੇ ਦੇਣ ਦਾ ਨਾਂ ਨਹੀਂ ਲੈ ਰਹੀ ਹੈ। ਉਧਰ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੇ ਪੈਸੇ ਆੜ੍ਹਤੀਏ ਨਹੀਂ ਦੇ ਰਹੇ ਹਨ। ਕੱਚਾ ਆੜ੍ਹਤੀਆਂ ਦਾ ਕਹਿਣਾ ਹੈ ਕਿ ਅੱਗੋਂ ਸਰਕਾਰ ਪਾਸੋਂ ਹੀ ਉਨ੍ਹਾਂ ਨੂੰ ਚੈੱਕ ਨਹੀਂ ਦਿੱਤੇ ਜਾ ਰਹੇ ਹਨ, ਜਿਸ ਕਰਕੇ ਉਹ ਕਿਸਾਨ ਤੋਂ ਜਿਣਸ ਲੈ ਕੇ ਵੀ ਖੁਦ ਡਾਵਾਂਡੋਲ ਹੋਏ ਬੈਠੇ ਹਨ।
ਮਾਨਸਾ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਕਈ ਮੰਡੀਆਂ ਵਿਚ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਝੋਨਾ ਖਰੀਦੇ ਦੀ ਅਦਾਇਗੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਸ਼ੱਕ ਖਰੀਦ ਏਜੰਸੀਆਂ ਨੂੰ ਤੁਰੰਤ ਖਰੀਦ ਕਰਕੇ, ਉਸ ਦੀ ਅਦਾਇਗੀ 48 ਘੰਟਿਆਂ ਵਿਚ ਕਰਨ ਦੀ ਸਾਫ਼ ਹਦਾਇਤ ਕੀਤੀ ਹੋਈ ਹੈ, ਪਰ ਏਜੰਸੀਆਂ ਦੇ ਅਫਸਰ ਸਿਵਾਏ ਲਾਰਿਆਂ ਤੋਂ ਕੁੱਝ ਵੀ ਪੱਲੇ ਨਹੀਂ ਪਾ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਝੋਨੇ ਦੀ ਅਦਾਇਗੀ ਦੇ ਪੈਸੇ ਨਾਲ ਮਿਲਣ ਕਰਕੇ ਉਹ ਕਣਕ ਦੀ ਫ਼ਸਲ ਲਈ ਬੀਜ ਅਤੇ ਖਾਦ ਦੇ ਪ੍ਰਬੰਧ ਕਰਨ ਤੋਂ ਅਸਮਰੱਥ ਹੋਣ ਲੱਗੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਏਜੰਸੀਆਂ ਦੇ ਅਧਿਕਾਰੀ ਜਿਣਸ ਲੈ ਕੇ ਉਸ ਦੇ ਭੁਗਤਾਨ ਵਿੱਚ ਦੇਰੀ ਕਰ ਰਹੇ ਹਨ।
ਅੱਜ ਬੱਬੀ ਦਾਨੇਵਾਲੀਆ ਦੀ ਅਗਵਾਈ ਹੇਠ ਪੰਜਾਬ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸ੍ਰੀ ਦਾਨੇਵਾਲੀਆ ਨੇ ਕਿਹਾ ਕਿ ਦੋਨੋਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ-ਮਜ਼ਦੂਰ, ਆੜ੍ਹਤੀ ਵਰਗ ਤੱਪਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ 8 ਦਿਨ ਪਹਿਲਾਂ ਵੇਚੀ ਗਈ ਝੋਨੇ ਦੀ ਫਸਲ ਦਾ ਇੱਕ ਰੁਪਇਆ ਵੀ ਨਹੀਂ ਦਿੱਤਾ ਗਿਆ, ਜਿਸ ਕਾਰਨ ਕਿਸਾਨ ਕਣਕ ਦੀ ਫਸਲ ਬੀਜਣ ਤੋਂ ਪਛੜ ਗਏ ਹਨ। ਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨ ਪਿਛਲੇ 10-12 ਦਿਨਾਂ ਤੋਂ ਆਪਣਾ ਝੋਨਾ ਵੇਚਣ ਲਈ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਸ਼ੈਲਰ ਮਾਲਕ ਖਰੀਦ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਿਸਾਨਾਂ ਦੇ ਝੋਨੇ ਨੂੰ 2-5 ਕਿੱਲੋ ਦੀ ਕਾਟ ਪ੍ਰਤੀ ਗੱਟਾ ਲਾਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ।