ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦੇ ਰੌਂਅ ’ਚ ਆ ਗਈਆਂ ਹਨ। ਪਿੰਡਾਂ ’ਚੋਂ ਆਉਂਦੀਆਂ ਕਿਸਾਨ ਬੀਬੀਆਂ ਦੇ ਸਿਰਾਂ ਉਤੇ ਬਸੰਤੀ ਚੁੰਨੀਆਂ ਨਵੇਂ ਜਨਮੇ ਸੰਘਰਸ਼ ਦੀ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਹਨ। ਇਥੇ ਰੇਲਵੇ ਸਟੇਸ਼ਨ, ਅਡਾਨੀ ਅਨਾਜ ਭੰਡਾਰ, ਰਿਲਾਇੰੰਸ ਪੈਟਰੋਲ ਪੰਪ ’ਤੇ ਟੌਲ-ਪਲਾਜ਼ਿਆਂ ਉੱਤੇ 8ਵੇਂ ਦਿਨ ਧਰਨਾ ਜਾਰੀ ਰਿਹਾ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ 30 ਜੱਥੇਬੰਦੀਆਂ ਦੇ ਫੈਸਲੇ ਅਨੁਸਾਰ ਖੇਤੀ ਆਰਡੀਨੈਂਸਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ, ਬੈਸਟ ਪ੍ਰਾਈਸ ਮਾਲ ਅਤੇ ਐੱਸਆਰ ਪੈਟਰੋਲ ਪੰਪ ਅੱਗੇ ਦਿੱਤੇ ਧਰਨਿਆਂ ਨੂੰ ਅਣਮਿਥੇ ਸਮੇਂ ਲਈ ਜਾਰੀ ਰੱਖਿਆ ਗਿਆ ਹੈ। ਅੱਜ ਦੇ ਟੌਲ ਪਲਾਜ਼ਾ ਧਰਨੇ ਵਿੱਚ ਲੋਕਪੱਖੀ ਗਾਇਕ ਜਗਸੀਰ ਜੀਦਾ ਨੇ ਆਪਣੇ ਗੀਤਾਂ ਰਾਹੀਂ ਕਿਸਾਨਾਂ ਵਿੱਚ ਸੰਘਰਸ਼ਾਂ ਪ੍ਰਤੀ ਇਨਕਲਾਬੀ ਜੋਸ਼ ਭਰ ਦਿੱਤਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਪਿੰਡ ਬਣਾਂਵਾਲਾ ਵਿੱਚ ਵੇਦਾਂਤਾ ਕੰਪਨੀ ਵੱਲੋਂ ਪ੍ਰਾਈਵੇਟ ਭਾਈਵਾਲੀ ਤਹਿਤ ਲਾਏ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਸਾਹਮਣੇ ਅੱਠਵੇਂ ਦਿਨ ਧਰਨਾ ਲਾਇਆ
ਭਦੌੜ (ਰਾਜਿੰਦਰ ਵਰਮਾ): ਕ੍ਰਾਂਤੀ ਯੂਥ ਕਲੱਬ ਭਦੌੜ ਵੱਲੋਂ ਕਲੱਬ ਦੇ ਸਰਪ੍ਰਸਤ ਅਮਰਜੀਤ ਸਿੰਘ ਜੀਤਾ ਅਤੇ ਪ੍ਰਧਾਨ ਅਮਰਜੀਤ ਸਿੰਘ ਮੀਕਾ ਦੀ ਅਗਵਾਈ ਹੇਠ ਕਿਸਾਨ ਵਿਰੋਧੀ ਕਾਨੂੰਨ ਖ਼ਿਲਾਫ਼ ਕਸਬੇ ਅੰਦਰ ਮੋਟਰ ਸਾਈਕਲ ਰੋਸ ਰੈਲੀ ਕੱਢੀ ਗਈ, ਜਿਸ ਵਿੱਚ ਸੈਂਕੜੇ ਨੌਜਵਾਨਾਂ ਨੇ ਸ਼ਮੂਲੀਅਤ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਇੱਥੇ ਰਿਲਾਇੰਸ ਪੰਪ ’ਤੇ ਦਿੱਤੇ ਜਾ ਰਹੇ ਧਰਨੇ ਦੇ ਅੱਠਵੇਂ ਦਿਨ ਬੀਬੀਆਂ ਨੇ ਸੰਘਰਸ਼ ਦੀ ਹਮਾਇਤ ਕਰਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਬਰੇਟਾ (ਪੱਤਰ ਪ੍ਰੇਰਕ): ਸਥਾਨਕ ਰੇਲਵੇ ਸਟੇਸ਼ਨ ਦੀਆਂ ਰੇਲ ਲਾਈਨਾਂ ਅਤੇ ਰਿਲਾਇੰਸ ਤੇ ਪੈਟਰੋਲ ਪੰਪ ਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ਛੇਵੇਂ ਦਿਨ ਵੀ ਜਾਰੀ ਰਹੇ। ਇਸ ਧਰਨੇ ਵਿੱਚ ਆੜ੍ਹਤੀਆਂ ਐਸੋਸੀਏਸ਼ਨ ਨੇ ਵੀ ਸ਼ਮੂਲੀਅਤ ਕੀਤੀ।
ਭੀਖੀ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ ਸਥਾਨਕ ਰਿਲਾਇੰਸ ਪੰਪ ਅੱਗੇ ਲੱਗਾ ਧਰਨਾ ਤੀਜੇ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ। ਧਰਨੇ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂ ਮਲੂਕ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਹਰਿਆਣਾ ਸਰਕਾਰ ਵੱਲੋਂ ਹਰਿਆਣੇ ਦੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ, ਪਾਣੀ ਦੀ ਬੁਛਾਰਾਂ ਕੀਤੇ ਅੰਨ੍ਹੇਵਾਹ ਲਾਠੀਚਾਰਜ ਦੇ ਰੋਸ ਵਜੋਂ ਪੰਜਾਬ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਲਕੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਸੜਕਾਂ ਜਾਮ ਕੀਤੀਆਂ ਜਾਣਗੀਆਂ।
ਫਾਜ਼ਿਲਕਾ (ਪਰਮਜੀਤ ਸਿੰਘ): ਅੱਜ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੇ ਤੌਰ ’ਤੇ ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ ਸਥਾਨਕ ਪਰਤਾਪ ਬਾਗ਼ ਫਾਜ਼ਿਲਕਾ ਤੋਂ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਨੀ ਦੇ ਫਾਜ਼ਿਲਕਾ ਸਥਿਤ ਦਫ਼ਤਰ ਤੱਕ ਮੁਜ਼ਾਹਰਾ ਕਰਕੇ ਦਫ਼ਤਰ ਦਾ ਘਿਰਾਓ ਕੀਤਾ ਗਿਆ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵਲੋਂ ਜ਼ਿਲ੍ਹਾ ਫਾਜ਼ਿਲਕਾ ਵਲੋਂ ਅੱਜ 8ਵੇਂ ਦਿਨ ਸਰਮਾਏਦਾਰਾਂ ਦੇ ਕਾਰੋਬਾਰ ਨੂੰ ਠੱਪ ਰੱਖਿਆ ਗਿਆ।
ਬਰਨਾਲਾ (ਪਰਸ਼ੋਤਮ ਬੱਲੀ): ਸਥਾਨਕ ਰੇਲਵੇ ਸਟੇਸ਼ਨ ’ਤੇ ਡਟੇ ਕਿਸਾਨ ਮਰਦ-ਔਰਤਾਂ ਅੱਠਵੇਂ ਦਿਨ ਵੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ।
ਬੁਢਲਾਡਾ (ਅਮਿਤ ਕੁਮਾਰ): ਇੱਥੇ ਕਿਸਾਨਾਂ ਦਾ ਰੋਸ ਧਰਨਾ ਛੇਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਇਸ ਮੌਕੇ ਭਾਰਤੀ ਕਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨ ਆਗੂਆਂ ਨੇ ਕਿਹਾ ਕਿਸਾਨ ਜਥੇਬੰਦੀਆ ਵੱਲੋਂ ਕੇਂਦਰ ਸਰਕਾਰ ਖਿਲਾਫ਼ ਚੱਲ ਰਹੇ ਸੰਘਰਸ਼ ਉਨ੍ਹਾਂ ਸਮਾਂ ਜਾਰੀ ਰਹਣਿਗੇ ਜਦ ਤੱਕ ਕਿਸਾਨ ਤੇ ਲੋਕਾਂ ਵਿਰੋਧੀ ਹੋਂਦ ਵਿੱਚ ਲਿਆਂਦੇ ਕਾਲੇ ਕਨੂੰਨ ਵਾਪਸ ਨਹੀਂ ਹੋ ਜਾਂਦੇ। ਗਿੱਦੜਬਾਹਾ(ਦੇਵਿੰਦਰ ਮੋਹਨ ਬੇਦੀ): ਇਥੇ ਸ਼ਹਿਰ ਦੇ ਬਾਹਰ ਰਿਲਾਇੰਸ ਪੈਟਰੋਲ ਪੰਪ ਸਾਹਵੇਂ ਲੱਗੇ ਕਿਸਾਨਾਂ ਦੇ ਧਰਨੇ ਵਿੱਚ ਰੰਗਮੰਚ ਨੇ ਦਸਤਕ ਦਿੱਤੀ। ਅਦਾਕਾਰ ਮੰਚ ਮੁਹਾਲੀ ਦੇ ਡਾਇਰੈਕਟਰ, ਨਾਟਕਕਾਰ ਤੇ ਰੰਗਕਰਮੀ ਡਾ. ਸਾਹਿਬ ਸਿੰਘ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੜਕ ਕਿਨਾਰੇ ਬੈਠੇ ਖੇਤਾਂ ਦੇ ਪੁੱਤਰਾਂ ਤੇ ਵੱਡੀ ਗਿਣਤੀ ਵਿੱਚ ਆਈਆਂ ਔਰਤਾਂ ਦੀ ਹਾਜ਼ਰੀ ਵਿੱਚ ਆਪਣੇ ਇੱਕ ਪਾਤਰੀ ਨਾਟਕ ‘ਰੰਗਕਰਮੀ ਦਾ ਬੱਚਾ’ ਦਾ ਮੰਚਨ ਕਰਕੇ ਜ਼ਿੰਦਗੀ ਦੀ ਬਾਤ ਪਾਈ।
ਜੀਓ ਕੰਪਨੀ ਦਾ ਦਫ਼ਤਰ ਬੰਦ ਕਰਾਇਆ
ਅਜੀਤਵਾਲ (ਗੁਰਪ੍ਰੀਤ ਦੌਧਰ): ਨੌਜਵਾਨ ਭਾਰਤ ਸਭਾ, ਪੀਐੱਸਯੂ ਅਤੇ ਬੀਕੇਯੂ ਉਗਰਾਹਾਂ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ ਅੱਜ ਅਜੀਤਵਾਲ ਵਿੱਚ ਜੀਓ ਕੰਪਨੀ ਦਾ ਦਫ਼ਤਰ ਨਾਅਰੇਬਾਜ਼ੀ ਕਰਕੇ ਬੰਦ ਕਰਵਾਇਆ ਗਿਆ। ਨੌਜਵਾਨ ਭਾਰਤ ਸਭਾ ਦੇ ਆਗੂ ਸੰਦੀਪ ਸਿੱਧੂ, ਪੀਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਸੰਬੋਧਨ ਕਰਦਿਆਂ ਕਿਹਾ ਕਿ 15 ਅਕਤੂਬਰ ਨੂੰ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਨੌਜਵਾਨ ਭਾਰਤ ਸਭਾ ਤੇ ਪੀਐੱਸਯੂ ਮੋਗਾ ਵਿੱਚ ਆਰਐੱਸਐੱਸ ਦਾ ਦਫ਼ਤਰ ਘੇਰਾਂਗੇ।
ਪਰਵਾਸੀ ਭਰਾਵਾਂ ਨੇ ਕਿਸਾਨੀ ਸੰਘਰਸ਼ ਲਈ ਫੰਡ ਭੇਜੇ
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਬਿੱਲਾਂ ਦੇ ਵਿਰੋਧ ’ਚ ਡਟੇ ਕਿਸਾਨਾਂ ਦੇ ਸੰਘਰਸ਼ ’ਚ ਪਰਵਾਸੀ ਪੰਜਾਬੀ ਵੀ ਆਪਣਾ ਬਣਦਾ ਯੋਗਦਾਨ ਪਾਉਣ ਲੱਗੇ ਹਨ। ਜਿਸ ਕਰਕੇ ਉਨ੍ਹਾਂ ਵੱਲੋਂ ਕਿਸਾਨੀ ਮੋਰਚਿਆਂ ਲਈ ਫ਼ੰਡ ਭੇਜੇ ਜਾ ਰਹੇ ਹਨ। ਪਿੰਡ ਭੋਤਨਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪੈਟਰੋਲ ਪੰਪ ਅੱਗੇ ਚੱਲ ਰਹੇ ਧਰਨੇ ਲਈ ਦੋ ਪਰਵਾਸੀਆਂ ਨੇ 40 ਹਜ਼ਾਰ ਦੇ ਕਰੀਬ ਸਹਾਇਤਾ ਭੇਜੀ ਗਈ ਹੈ। ਜੱਥੇਬੰਦੀ ਆਗੂ ਬਿੰਦਰ ਭੋਤਨਾ ਅਤੇ ਮੱਖਣ ਸਿੰਘ ਭਤੌੜ ਨੇ ਦੱਸਿਆ ਕਿ ਉਹਨਾਂ ਦੇ ਅਮਰੀਕਾ ਰਹਿੰਦੇ ਰਿਸ਼ਤੇਦਾਰ ਜਸਵੀਰ ਸਿੰਘ ਹਿੰਮਤਪੁਰਾ ਵਲੋਂ 29 ਹਜ਼ਾਰ ਸੰਘਰਸ਼ ਲਈ ਭੇਜੇ ਹਨ। ਜਦੋਂਕਿ ਪਿੰਡ ਭੋਤਨਾ ਦੇ ਕੈਨੇਡਾ ਰਹਿੰਦੇ ਮੱਖਣ ਸਿੰਘ ਨੇ 10 ਹਜ਼ਾਰ ਦਾ ਯੋਗਦਾਨ ਪਾਇਆ ਹੈ। ਰਿਲਾਇੰਸ ਪੰਪ ਸੰਘੇੜਾ ਵਿਖੇ ਲੱਗੇ ਮੋਰਚੇ ਲਈ ਇੱਕ ਪਰਵਾਸੀ ਨੇ ਆਰਥਿਕ ਸਹਾਇਤਾ ਦੇ ਨਾਲ ਰਾਸ਼ਨ ਵੀ ਭੇਜਿਆ ਹੈ। ਪੰਪ ਧੌਲਾ ਵਿਖੇ ਲੱਗੇ ਮੋਰਚੇ ਲਈ ਜੱਥੇਬੰਦੀ ਦੇ ਆਗੂ ਬਲਜਿੰਦਰ ਸਿੰਘ ਧੌਲਾ ਦੇ ਕੈਨੇਡਾ ਰਹਿੰਦੇ ਭੂਆ ਦੇ ਲੜਕੇ ਹਰਬੰਸ ਸਿੰਘ ਦੇ 6 ਹਜ਼ਾਰ ਦਾ ਕਿਸਾਨੀ ਸੰਘਰਸ਼ ਲਈ ਯੋਗਦਾਨ ਪਾਇਆ ਹੈ। ਦੀਵਾਨਾ ਦੇ ਪਰਵਾਸੀ ਵਲੋਂ ਪਿੰਡ ਦੇ ਕਿਸਾਨਾਂ ਨੂੰ ਮੋਰਚਿਆਂ ਵਿੱਚ ਸ਼ਾਮਲ ਹੋਣ ਲਈ ਟ੍ਰਾਂਸਪੋਰਟ ਦਾ ਖ਼ਰਚਾ ਚੁੱਕਿਆ ਗਿਆ ਹੈ।