ਹਰਦੀਪ ਸਿੰਘ ਜਟਾਣਾ
ਮਾਨਸਾ, 3 ਜੁਲਾਈ
ਪਿਛਲੇ ਹਫ਼ਤੇ ਤੋਂ ਲਗਾਤਾਰ ਪੈ ਰਹੀ ਕੜਾਕੇ ਦੀ ਗਰਮੀ ਨੇ ਸਾਉਣੀ ਫਸਲਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਸਭ ਤੋਂ ਮੰਦੀ ਹਾਲਤ ਕਿਸਾਨਾਂ ਵੱਲੋਂ ਖੇਤਾਂ ਵਿੱਚ ਲਗਾਏ ਜਾ ਰਹੇ ਝੋਨੇ ਦੀ ਹੈ। ਭਾਵੇਂ ਬਿਜਾਈ ਦਾ ਸਹੀ ਸਮਾਂ ਹੋਣ ਕਾਰਨ ਝੋਨਾ ਲੁਆਈ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਪਰ ਗਰਮੀ ਕਾਰਨ ਝੋਨੇ ਦੀ ਪਨੀਰੀ ਖੇਤ ਵਿੱਚ ਲਗਾਉਂਦਿਆਂ ਹੀ ਸਿਰ ਸੁੱਟਣ ਲੱਗ ਪੈਂਦੀ ਹੈ। ਪਿੰਡ ਕੋਟ ਲੱਲੂ ਦੇ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਪਿਛਲੇ ਚਾਰ ਦਿਨਾਂ ਤੋਂ ਹਾਲਤ ਅਜਿਹੀ ਹੈ ਕਿ ਦਿਨ ਰਾਤ ਮੋਟਰ ਚਲਾ ਕੇ ਵੀ ਝੋਨੇ ਵਾਲੇ ਖੇਤਾਂ ਦਾ ਪਾਣੀ ਪੂਰਾ ਨਹੀਂ ਹੋ ਰਿਹਾ। ਪਿੰਡ ਖਿਆਲਾ ਕਲਾਂ ਦੇ ਕਿਸਾਨ ਹਰਬੰਸ ਸਿੰਘ ਨੇ ਦੱਸਿਆ ਕਿ ਅੱਠ ਘੰਟੇ ਦੀ ਬਿਜਲੀ ਸਪਲਾਈ ਨਾਲ ਬੁੱਤਾ ਨਹੀਂ ਸਰ ਰਿਹਾ। ਕਿਸਾਨ ਸਾਹਿਬ ਸਿੰਘ ਨੇ ਦੱਸਿਆ ਕਿ ਟੇਲ ’ਤੇ ਜ਼ਮੀਨ ਹੋਣ ਕਾਰਨ ਨਹਿਰੀ ਪਾਣੀ ਦੀ ਮਾਤਰਾ ਵੀ ਪੂਰੀ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਜੇਕਰ ਦੋ ਤਿੰਨ ਦਿਨ ਇਹੀ ਹਾਲਤ ਰਹੀ ਤਾਂ ਝੋਨੇ ਦੀ ਅੱਧੋਂ ਵੱਧ ਫਸਲ ਖਤਮ ਹੋ ਜਾਵੇਗੀ । ਦੂਸਰੇ ਪਾਸੇ ਝੋਨਾ ਲਗਾ ਰਹੇ ਮਜ਼ਦੂਰਾਂ ਨੇ ਕਿਹਾ ਕਿ ਗਰਮੀ ਕਾਰਨ ਬਹੁਤੇ ਮਜ਼ਦੂਰ ਬਿਮਾਰ ਵੀ ਹੋ ਚੁੱਕੇ ਹਨ।
ਬਿਜਲੀ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
ਸਮਾਲਸਰ (ਪੱਤਰ ਪ੍ਰੇਰਕ):ਪਾਵਰਕੌਮ ਸਬ ਡਿਵੀਜ਼ਨ ਦੀ ਫੀਡਰ ਤਰਕੰਡੀ-1 ’ਤੇ ਖੇਤੀ ਬਿਜਲੀ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕੁਲਦੀਪ ਸਿੰਘ ਪੁੱਤਰ ਤਰਲੋਕ ਸਿੰਘ ਅਤੇ ਹੋਰ ਕਿਸਾਨਾਂ ਨੇ ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਦੇ ਅਫਸਰਾਂ ਨੂੰ ਭੇਜੇ ਪੱਤਰ ਵਿਚ ਦੱਸਿਆ ਕਿ ਲੰਡੇ ਦੇ ਟੇਲਾਂ ’ਤੇ ਫੀਡਰ ਤਰਕੰਡੀ-1 ਪੈਂਦੀ ਹੈ। ਇਥੇ ਪਾਵਰਕੌਮ ਸਬ ਡਿਵੀਜ਼ਨ ਸਮਾਲਸਰ ਤੋਂ ਖੇਤੀ ਬਿਜਲੀ ਸਪਲਾਈ ਮਿਲਦੀ ਹੈ। ਜਦੋਂ ਦਾ ਝੋਨੇ ਦਾ ਸ਼ੀਜਨ ਸ਼ੁਰੂ ਹੋਇਆ ਹੈ ਕਿਸਾਨਾਂ ਨੂੰ ਸ਼ਡਿਊਲ ਮੁਤਾਬਿਕ 8 ਘੰਟੇ ਬਿਜਲੀ ਸਪਲਾਈ ਨਹੀਂ ਮਿਲ ਰਹੀ। ਉਨ੍ਹਾਂ ਪਾਵਰਕੌਮ ਦੇ ਮੁੱਖ ਅਫਸਰਾਂ ਨੂੰ ਇਸ ਨਾ ਇਨਸਾਫ਼ੀ ਖਿਲਾਫ ਸ਼ਿਕਾਇਤ ਕੀਤੀ ਹੈ। ਇਸ ਸਬੰਧੀ ਜੇ.ਈ. ਜੁਗਰਾਜ ਸਿੰਘ ਫੋਨ ਨਾਲ ਸੰਪਰਕ ਨਹੀਂ ਹੋ ਸਕਿਆ।