ਸ਼ਹਿਣਾ (ਪੱਤਰ ਪ੍ਰੇਰਕ): ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ’ਚ ਗ੍ਰਾਮ ਪੰਚਾਇਤ ਨੇ ਪ੍ਰਸ਼ਾਸਨ ਦੀ ਮਦਦ ਨਾਲ ਛੱਪੜ ਦੇ ਨਾਲ ਲੱਗਦੀ ਛੇ ਕਨਾਲ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਹੈ। ਸਰਪੰਚ ਅੰਗਰੇਜ ਸਿੰਘ ਨੇ ਦੱਸਿਆ ਕਿ ਛੱਪੜ ਨਾਲ ਲਗਦੀ 6 ਕਨਾਲ ਜ਼ਮੀਨ ’ਤੇ ਪਿਛਲੇ 25 ਸਾਲ ਤੋਂ ਕਬਜ਼ੇ ਕੀਤੇ ਹੋਏ ਸਨ। ਕਈ ਵਾਰੀ ਪੰਚਾਇਤ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਅਪੀਲ ਵੀ ਕੀਤੀ ਪ੍ਰੰਤੂ ਨਾਜਾਇਜ਼ ਕਬਜ਼ੇ ਨਹੀਂ ਹਟੇ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ਹਿਣਾ ਜਗਤਾਰ ਸਿੰਘ ਨੇ ਮੌਕਾ ਵੀ ਦੇਖਿਆ ਸੀ। ਸਰਪੰਚ ਅੰਗਰੇਜ ਸਿੰਘ ਨੇ ਸ਼ਾਮਲਾਤ ਜ਼ਮੀਨ ’ਤੇ ਲਾਈਆਂ ਰੂੜੀਆਂ ਵੀ ਚੁੱਕਣ ਦੀ ਅਪੀਲ ਕੀਤੀ। ਕਈ ਪਿੰਡ ਵਾਸੀਆਂ ਨੇ ਤਾਂ ਟਰੈਕਟਰ ਟਰਾਲੀ ਲਾ ਕੇ ਪੰਚਾਇਤੀ ਸ਼ਾਮਲਾਤ ਤੋਂ ਰੂੜੀਆਂ ਚੁੱਕ ਲਈਆਂ ਪ੍ਰੰਤੂ ਨਾ ਚੁੱਕਣ ਵਾਲੀਆਂ ਰੂੜੀਆਂ ਨੂੰ ਜੇਸੀਬੀ ਮਸ਼ੀਨ ਨਾਲ ਚੁੱਕ ਦਿੱਤਾ ਗਿਆ ਹੈ। ਸਰਪੰਚ ਨੇ ਦੱਸਿਆ ਕਿ ਪਿੰਡ ਦੇ ਗੰਦੇ ਪਾਣੀ ਦੇ ਆਰਜ਼ੀ ਪ੍ਰਬੰਧ ਕਰਕੇ ਪੰਚਾਇਤ ਵੱਲੋਂ ਛੱਪੜ ਡੂੰਘਾਂ ਅਤੇ ਚੌੜਾ ਕੀਤਾ ਜਾਵੇਗਾ ਤਾਂ ਜੋ ਮੀਂਹ ਦਾ ਪਾਣੀ ਗਲੀਆਂ ’ਚ ਨਾ ਖੜ੍ਹੇ। ਉਨ੍ਹਾਂ ਪਿੰਡ ਵਾਸੀਆਂ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ।