ਸੰਜੀਵ ਹਾਂਡਾ
ਫ਼ਿਰੋਜ਼ਪੁਰ, 22 ਸਤੰਬਰ
ਬਲਾਕ ਘੱਲ ਖੁਰਦ ਅਧੀਨ ਆਉਂਦੇ ਇੱਕ ਪੰਚਾਇਤ ਸਕੱਤਰ ਵੱਲੋਂ ਆਪਣੇ ਖੇਤਰ ਦੇ ਪਿੰਡਾਂ ਦੀਆਂ ਕਈ ਪੰਚਾਇਤਾਂ ਨੂੰ ਕਰੀਬ 65 ਲੱਖ ਰੁਪਏ ਦਾ ਰਗੜਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਗਾ ਸਥਿਤ ਚੱਕੀ ਵਾਲੀ ਗਲੀ ਦੇ ਰਹਿਣ ਵਾਲੇ ਪੰਚਾਇਤ ਸਕੱਤਰ ਰਜਵੰਤ ਸਿੰਘ ਖ਼ਿਲਾਫ਼ ਥਾਣਾ ਘੱਲ ਖੁਰਦ ਵਿਚ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਬਲਾਕ ਘੱਲ ਖੁਰਦ ਦੀ ਪੰਚਾਇਤ ਸਮਿਤੀ ਦੇ ਸੁਪਰਡੈਂਟ ਪਰਮਿੰਦਰ ਸਿੰਘ ਦੀ ਲਿਖਤੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸੁਪਰਡੈਂਟ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਪਿਛਲੇ ਸਾਲ 23 ਜੂਨ ਨੂੰ ਕੀਤੀ ਗਈ ਸੀ ਤੇ ਹੁਣ ਤੱਕ ਇਸ ਦੀ ਪੜਤਾਲ ਚੱਲ ਰਹੀ ਸੀ। ਮੁਲਜ਼ਮ ਪੰਚਾਇਤ ਸਕੱਤਰ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ। ਗਬਨ ਕੀਤੀ ਗਈ ਕੁੱਲ ਰਕਮ 65,15,461 ਰੁਪਏ ਦੱਸੀ ਜਾਂਦੀ ਹੈ। ਸੁਪਰਡੈਂਟ ਪਰਮਿੰਦਰ ਸਿੰਘ ਨੇ ਦੱਸਿਆ ਕਿ ਰਜਵੰਤ ਸਿੰਘ ਨੇ ਜਾਅਲੀ ਦਸਤਖ਼ਤ ਕਰਕੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਖਾਤਿਆਂ ਵਿਚੋਂ 65,15,461 ਰੁਪਏ ਦਾ ਗਬਨ ਕੀਤਾ ਹੈ। ਉਧਰ, ਪਿੰਡ ਰੱਤਾ ਖੇੜਾ ਦੇ ਸਰਪੰਚ ਰਾਜਦੀਪ ਸੰਧੂ ਦਾ ਦਾਅਵਾ ਹੈ ਕਿ ਜੇਕਰ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਗਬਨ ਕੀਤੀ ਰਾਸ਼ੀ ਹੋਰ ਵੀ ਵਧ ਸਕਦੀ ਹੈ। ਰਾਜਦੀਪ ਨੇ ਦੱਸਿਆ ਮੁਲਜ਼ਮ ਨੇ ਕੁਝ ਚਿਰ ਪਹਿਲਾਂ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਨੂੰ ਵੀ ਦੋ ਲੱਖ ਰੁਪਏ ਦਾ ਰਗੜਾ ਲਾਇਆ ਸੀ ਜੋ ਬਾਅਦ ਵਿਚ ਉਸ ਨੇ ਜਮ੍ਹਾਂ ਕਰਵਾ ਦਿੱਤੇ ਸਨ। ਸਰਪੰਚ ਰਾਜਦੀਪ ਦੇ ਦੱਸਣ ਮੁਤਾਬਕ ਰਜਵੰਤ ਸਿੰਘ ਨੂੰ ਬਚਾਉਣ ਵਾਸਤੇ ਮਹਿਕਮੇ ਦੇ ਕਈ ਸੀਨੀਅਰ ਅਫ਼ਸਰ ਵੀ ਉਸ ਦੀ ਮਦਦ ਕਰਦੇ ਰਹੇ ਹਨ।