ਪਰਸ਼ੋਤਮ ਬੱਲੀ/ਰਵਿੰਦਰ ਰਵੀ
ਬਰਨਾਲਾ, 5 ਜੁਲਾਈ
ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਜ਼ਬਰੀ ਪੂਰੀਆਂ ਫੀਸਾਂ ਵਸੂਲਣ ਵਿਰੁੱਧ ਜਥੇਬੰਦੀਆਂ ਸੜਕਾਂ ‘ਤੇ ਉੱਤਰ ਆਈਆ ਹਨ। ਇਸੇ ਤਹਿਤ ਬਰਨਾਲਾ ਦੇ ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਚਿੰਟੂ ਪਾਰਕ ਵਿੱਚ ਇਕੱਤਰ ਹੋਏ ਅਤੇ ਪੂਰੇ ਵਿਸਥਾਰ ਸਹਿਤ ਇਸ ਮਾਮਲੇ ਬਾਰੇ ਚਰਚਾ ਕੀਤੀ। ਵਿਚਾਰ ਚਰਚਾ ਕਰਨ ਤੋਂ ਬਾਅਦ ਜ਼ਬਰੀ ਫੀਸਾਂ ਵਸੂਲਣ ਵਿਰੁੱਧ ਸੰਘਰਸ਼ ਕਮੇਟੀ ਬਰਨਾਲਾ ਦਾ ਗਠਨ ਕਰਕੇ 11 ਮੈਂਬਰੀ ਕਮੇਟੀ ਚੁਣੀ। ਇਸ ਕਮੇਟੀ ਦੇ ਕਨਵੀਨਰ ਕ੍ਰਿਸ਼ਨ ਕੁਮਾਰ (ਕੁੱਕ) ਚੁਣੇ ਗਏ। ਕਮੇਟੀ ਨੇ ਮੀਟਿੰਗ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਇਸ ਧੱਕੇਸ਼ਾਹੀ ਦਾ ਸਾਰਥਿਕ ਵਿਰੋਧ ਕੀਤਾ ਜਾ ਸਕਦਾ ਹੈ। ਇਸ ਕਰਕੇ ਜਥੇਬੰਦੀ ਨੇ ਸੰਘਰਸ਼ ਦੇ ਪਹਿਲੇ ਪੜਾਅ ਵੱਜੋਂ 7 ਜੁਲਾਈ ਨੂੰ ਸਵੇਰੇ 10 ਵਜੇ ਕਚਹਿਰੀ ਚੌਕ ਬਰਨਾਲਾ ਵਿੱਚ ਇਕੱਠੇ ਹੋ ਕੇ ਡੀ.ਸੀ. ਦਫ਼ਤਰ ਬਰਨਾਲਾ ਵੱਲ ਵਿਸ਼ਾਲ ਮਾਰਚ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਹਮਾਇਤ ਦੇਣ ਵਾਲਿਆਂ ਵਿੱਚ ਬੀ.ਕੇ.ਯੂ. ਏਕਤਾ ਡਕੌਂਦਾ, ਇਨਕਲਾਬੀ ਕੇਂਦਰ ਪੰਜਾਬ, ਡੀ.ਟੀ.ਐੱਫ਼, ਮਨਿਸਟਰੀਅਲ ਸਟਾਫ਼ ਯੂਨੀਅਨ ਤੋਂ ਬਿਨਾਂ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਿਲ ਸਨ।