ਖੇਤਰੀ ਪ੍ਰਤੀਨਿਧ
ਬਰਨਾਲਾ, 6 ਜਨਵਰੀ
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ’ਤੇ ਸਾਂਝੇ ਕਿਸਾਨ ਮੋਰਚੇ ’ਚ ਜਿੱਥੇ ਅੱਜ ਆੜ੍ਹਤੀ ਐਸੋਸੀਏਸ਼ਨ ਧਨੌਲਾ ਦੀ ਅਗਵਾਈ ਹੇਠ ਆੜ੍ਹਤੀਆਂ ਤੇ ਏਟਕ ਆਗੂ ਜਗਰਾਜ ਰਾਮਾ ਦੀ ਅਗਵਾਈ ਹੇਠ ਮਜ਼ਦੂਰਾਂ ਸ਼ਿਰਕਤ ਕਰਕੇ ਤਿੱਖੀ ਠੰਢ ਦੇ ਬਾਵਜੂਦ ਸੰਘਰਸ਼ ਭਖਦਾ ਰੱਖਿਆ, ਉੱਥੇ ਅੱਜ ਦੀ ਲੜੀਵਾਰ ਭੁੱਖ ਹੜਤਾਲ ’ਤੇ ਪਿੰਡ ਕਰਮਗੜ੍ਹ ਦੀਆਂ ਬੀਬੀਆਂ ਬੈਠੀਆਂ| ਜੋ ਬੀਕੇਯੂ ਡਕੌਾਦਾ ਦੀ ਆਗੂ ਜਸਪਾਲ ਕੌਰ ਦੀ ਅਗਵਾਈ ‘ਚ ਸ਼ਾਮਿਲ ਹੋਈਆਂ| ਸਾਂਝੇ ਕਿਸਾਨ ਸੰਘਰਸ਼ ਨੂੰ ਆੜ੍ਹਤੀਆ ਐਸੋਸ਼ੀਏਸ਼ਨ ਧਨੌਲਾ ਵੱਲੋਂ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕਰਦਿਆਂ ਸੰਚਾਲਨ ਕਮੇਟੀ ਨੂੰ 21,000 ਦੀ ਸਹਿਯੋਗ ਰਾਸ਼ੀ ਭੇਟ ਕੀਤੀ| ਇਸੇ ਹੀ ਤਰ੍ਹਾਂ ਗੁਰਚਰਨ ਸਿੰਘ ਕਲੇਰ ਧਨੌਲਾ ਵੱਲੋਂ ਵੀ ਸੰਚਾਲਨ ਕਮੇਟੀ ਨੂੰ 5100 ਦੀ ਸਹਾਇਤਾ ਰਾਸ਼ੀ ਭੇਟ ਕੀਤੀ|
ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਗਗਨਦੀਪ ਕੌਰ, ਸਵਨਪ੍ਰੀਤ ਕੌਰ, ਮਨਪ੍ਰੀਤ ਕੌਰ, ਬਲਵੀਰ ਕੌਰ, ਬਿਮਲਾ ਦੇਵੀ, ਜਸਪਾਲ ਕੌਰ, ਸੁਖਵਿੰਦਰ ਕੌਰ, ਅਮਰਜੀਤ ਕੌਰ, ਗੁਰਦੇਵ ਕੌਰ, ਬਲਜੀਤ ਕੌਰ, ਸਮਰਜੀਤ ਕੌਰ, ਤੇਜਪਾਲ ਕੌਰ ਸ਼ਾਮਲ ਸਨ| ਵੱਖ-ਵੱਖ ਪਿੰਡਾਂ/ਸ਼ਹਿਰੀ ਸੰਸਥਾਵਾਂ ਵੱਲੋਂ ਲੰਗਰ ਦੀ ਸੇਵਾ ਨਿਰਵਿਘਨ ਜਾਰੀ ਰਹੀ| ਮੁਨਸ਼ੀ ਖਾਂ ਰੂੜੇਕੇ, ਨਰਿੰਦਪਾਲ ਸਿੰਗਲਾ, ਲੱਧਾ ਸਿੰਘ, ਸਿੰਦਰ ਸਿੰਘ ਧੌਲਾ, ਸੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ| 97 ਦਿਨਾਂ ਤੋਂ ਸੰਘਰਸ਼ ਦੀ ਮੋਹਰੀ ਕਤਾਰ ਵਿੱਚ ਕਰਮਗੜ੍ਹ ਦੀਆਂ ਸਕੂਲੀ ਵਿਦਿਆਰਥਣਾਂ ਗਗਨਦੀਪ ਕੌਰ, ਸਵਨਪ੍ਰੀਤ ਕੌਰ, ਮਨਪ੍ਰੀਤ ਕੌਰ ਖਿੱਚ ਦਾ ਕੇਂਦਰ ਬਣੀਆਂ ਰਹੀਆਂ| ਭੁੱਖ ਹੜਤਾਲ ’ਚ ਸ਼ਾਮਲ ਹੋਣ ਦੇ ਬਾਵਜੂਦ ਅਕਾਸ਼ ਗੁੰਜਾਊ ਨਾਅਰਿਆਂ ਰਾਹੀਂ ਪੰਡਾਲ ’ਚ ਜੋਸ਼ ਭਰਦੀਆਂ ਰਹੀਆਂ|
ਵਲੂਰ ਰਿਲਾਇੰਸ ਪੰਪ ਦਾ ਘਿਰਾਓ ਜਾਰੀ
ਜ਼ੀਰਾ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਲੂਰ ਰਿਲਾਇੰਸ ਪੰਪ ਦਾ ਘਿਰਾਓ ਲਗਾਤਾਰ ਜਾਰੀ ਹੈ। ਇਸ ਸਮੇਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਧਰਨਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਤੱਕ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਖਾਤਰ ਦੇਸ਼ ਦੇ ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਦੀਆਂ ਸਰਹੱਦਾਂ ਤੇ ਡੇਰੇ ਲਾਈ ਬੈਠੇ ਹਨ, ਪਰ ਕੇਂਦਰ ਦੀ ਭਾਜਪਾ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ, ਪ੍ਰਧਾਨ ਮੰਤਰੀ ਅਡਾਨੀ ਤੇ ਅੰਬਾਨੀ ਦੇ ਮੁਲਾਜ਼ਮ ਦੀ ਤਰ੍ਹਾਂ ਕੰਮ ਕਰ ਰਹੇ ਹਨ , ਜੋ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਵਿਰੁੱਧ ਲਗਾਇਆ ਧਰਨਾ ਚਲਦਾ ਰਹੇਗਾ ਤੇ ਕਾਨੂੰਨ ਰੱਦ ਕਰਵਾ ਕੇ ਕਿਸਾਨ ਘਰਾਂ ਨੂੰ ਵਾਪਸੀ ਕਰਨਗੇ। ਇਸ ਮੌਕੇ ਇਕਾਈ ਪ੍ਰਧਾਨ ਹਰਜਿੰਦਰ ਸਿੰਘ , ਬਲਾਕ ਪ੍ਰਧਾਨ ਮਹਿੰਦਰ ਸਿੰਘ ਗਿੱਲ ਫਿਰੋਜ਼ਸ਼ਾਹ , ਹਰਜਿੰਦਰ ਸਿੰਘ ਬਰਾੜ, ਸਤਨਾਮ ਸਿੰਘ ਬਰਾੜ, ਕੁਲਵੰਤ ਸਿੰਘ, ਗੁਰਮੱਘਰ ਸਿੰਘ, ਪਿਆਰਾ ਸਿੰਘ, ਅਜੀਤ ਸਿੰਘ, ਮੁਖਤਿਆਰ ਸਿੰਘ, ਜਗਤਾਰ ਸਿੰਘ, ਰਛਪਾਲ ਸਿੰਘ ,ਅਨੋਖ ਸਿੰਘ ਆਦਿ ਹਾਜ਼ਰ ਸਨ।
ਮੋਗਾ ’ਚ ਭਾਜਪਾ ਜ਼ਿਲ੍ਹਾ ਪ੍ਰਧਾਨ ਤੇ ਅਡਾਨੀ ਅਨਾਜ ਭੰਡਾਰ ਅੱਗੇ ਧਰਨੇ ਜਾਰੀ
ਮੋਗਾ (ਮਹਿੰਦਰ ਸਿੰਘ ਰੱਤੀਆਂ) ਇਥੇ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਜਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ 73ਵੇਂ ਤੇ ਆਧੂਨਿਕ ਤਕਨੀਕ ਵਾਲੇ ਅਡਾਨੀ ਅਨਾਜ ਭੰਡਾਰ ਅੱਗੇ 98ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਧਰਨੇ ਵਿੱਚ ਵੱਡੀ ਗਿਣਤੀ ’ਚ ਬਜ਼ਰਗ ਔਰਤਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਜਥੇਬੰਦੀ ਆਗੂ ਬਲੌਰ ਸਿੰਘ ਘਾਲੀ, ਗੁਰਮੀਤ ਸਿੰਘ ਕਿਸ਼ਨਪੁਰਾ, ਹਜੂਰਾ ਸਿੰਘ ਘਾਲੀ, ਲਖਵੀਰ ਸਿੰਘ ਖੋਸਾ ਨੇ ਕਿਹਾ ਕਿ ਦਿੱਲੀ ਵਿੱਚ ਕਿਸਾਨਾਂ ਦੇ ਅੰਦੋਲਨ ਦਾ ਅੱਜ 42 ਵਾਂ ਦਿਨ ’ਚ ਸ਼ਾਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਕਰਨ ਦੀ ਥਾਂ ਪੁੰਜੀ ਪਤੀਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨ ਹਿਤਾਂ ਦੀ ਬਲੀ ਦੇਣ ਉੱਤੇ ਤੁਲੀ ਹੈ। ਉਨ੍ਹਾਂ ਕਾਲੇ ਕਾਨੂੰਨ ਰੱਦ ਕਰਕੇ ਐੱਮਐੱਸਪੀ ਲਈ ਕਾਨੂੰਨ ਬਣਾਉਣ ਦੀ ਮੰਗ ਕਰਦੇ ਕਿਹਾ ਕਿ ਮੱਕੀ ਵਰਗੀਆਂ ਫਸਲਾਂ ’ਤੇ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਘੱਟੋ-ਘੱਟ ਸਮਰਥਨ ਮੁੱਲ ਵੀ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਨੂੰ ਅਜਿਹੇ ਗੰਭੀਰ ਮੁੱਦਿਆਂ ‘ਤੇ ਝੂਠ ਨਹੀਂ ਬੋਲਣਾ ਚਾਹੀਦਾ ਕਿਉਂਕਿ ਅਜਿਹੇ ਮਸਲੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਗਹਿਰੇ ਅਰਥ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਨੂੰ ਲਾਂਭੇ ਕਰ ਦਿਓ, ਇਹ ਮਸਲਾ ਸਿੱਧੇ ਤੌਰ ’ਤੇ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।