ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ
ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੁੰਦਿਆਂ ਹੀ ਇਸ ਦਾ ਵਿਰੋਧ ਕਰ ਰਹੇ ਸਿਵਲ ਤੇ ਵੈਟਰਨਰੀ ਡਾਕਟਰਾਂ ਵੱਲੋਂ ਸਿਹਤ ਸੇਵਾਵਾਂ ਬੰਦ ਕਰਨ ਕਰਕੇ ਗਰੀਬ ਮਰੀਜ਼ਾਂ ਦੀ ਜਾਨ ’ਤੇ ਬਣੀ ਹੋਈ ਹੈ। ਉਹ ਨਿੱਜੀ ਹਸਪਤਾਲਾਂ ਦੀਆਂ ਫੀਸਾਂ ਨਹੀਂ ਭਰ ਸਕਦੇ ਅਤੇ ਸਰਕਾਰੀ ਹਸਪਤਾਲਾਂ ’ਚ ਉਨ੍ਹਾਂ ਦਾ ਇਲਾਜ ਨਹੀਂ ਹੁੰਦਾ।
ਬਜ਼ੁਰਗ ਰਾਮ ਸਿੰਘ ਆਪਣੇ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਹਸਪਤਾਲ ਦੇ ਗੇੜੇ ਕੱਢ ਰਿਹਾ ਹੈ ਪਰ ਡਾਕਟਰ ਆਪਣੀ ਮਜਬੂਰੀ ਜ਼ਾਹਿਰ ਕਰਦਿਆਂ ਉਸ ਨੂੰ ਕੋਈ ਦਵਾਈ ਦੇਣ ਤੋਂ ਆਪਣੀ ਅਸਮਰਥਾ ਜ਼ਾਹਿਰ ਕਰ ਰਹੇ ਸਨ।
ਇਸ ਦੌਰਾਨ ਸਿਵਲ ਹਸਪਤਾਲ ’ਚ ਧਰਨੇ ’ਤੇ ਬੈਠੇ ਐਸਐਮਓ ਸਤੀਸ਼ ਗੋਇਲ, ਜ਼ਿਲ੍ਹਾ ਡਾ. ਅਰਪਨਦੀਪ ਸਿੰਘ, ਡਾ. ਰਾਹੁਲ ਜਿੰਦਲ, ਡਾ. ਨਵਰੋਜ਼ ਗੋਇਲ ਅਤੇ ਡਾ. ਵੰਦਨਾ ਬਾਂਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਲਾਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਸਮੁੱਚੇ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਭੜਕ ਉੱਠੇ ਹਨ ਪਰ ਸਰਕਾਰ ਨੇ ਅਜੇ ਤੱਕ ਡਾਕਟਰਾਂ ਦੀ ਕੋਈ ਸਾਰ ਨਹੀਂ ਲਈ ਜਿਸ ਕਰਕੇ ਡਾਕਟਰ ਵਰਗ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਸੁਣਵਾਈ ਨਾ ਕੀਤੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।