ਮਲੋਟ: ਇਥੇ ਸਰਕਾਰੀ ਹਸਪਤਾਲ ’ਚ ਪਿਛਲੇ ਲਗਭਗ 7 ਮਹੀਨਿਆਂ ਤੋਂ ਹੱਡੀਆਂ ਦਾ ਮਾਹਰ ਕੋਈ ਵੀ ਡਾਕਟਰ ਨਾ ਹੋਣ ਕਾਰਨ ਦੂਰੋਂ ਨੇੜਿਓਂ ਆਏ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮਰੀਜ਼ਾਂ ਨੂੰ ਹੱਡੀਆਂ ਦੇ ਇਲਾਜ ਲਈ ਬਠਿੰਡਾ ਤੇ ਲੁਧਿਆਣੇ ਵਰਗੇ ਸ਼ਹਿਰਾਂ ਤੱਕ ਪਹੁੰਚ ਕਰਨੀ ਪੈ ਰਹੀ ਹੈ ਪਰ ਮਿਹਨਤਕਸ਼ ਲੋਕ ਆਰਥਿਕ ਤੰਗੀ ਕਰ ਕੇ ਦੂਰ ਦੁਰਾਡੇ ਪਹੁੰਚ ਕਰਨ ਤੋਂ ਅਸਮਰਥ ਹਨ ਅਤੇ ਦੇਸੀ ਜੁਗਾੜ ਕਰਨ ਵਾਲਿਆਂ ਦੇ ਚੁੰਗਲ ’ਚ ਫਸ ਰਹੇ ਹਨ। ਐੱਸਐੱਮਓ ਮਲੋਟ ਡਾਕਟਰ ਗੁਰਚਰਨ ਸਿੰਘ ਮਾਨ ਨੇ ਦੱਸਿਆ ਕਿ ਡਾ. ਗੁਰਲਭ ਜੌੜਾ ਕਰੀਬ 7 ਮਹੀਨੇ ਪਹਿਲਾਂ ਉਨ੍ਹਾਂ ਦੀ ਬਦਲੀ ਹੋ ਜਾਣ ਤੋਂ ਬਾਅਦ ਕੋਈ ਵੀ ਹੱਡੀਆਂ ਦੇ ਮਾਹਰ ਡਾਕਟਰ ਦੀ ਇਥੇ ਨਿਯੁਕਤੀ ਨਹੀਂ ਹੋਈ। ਉਨ੍ਹਾਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੋਂ ਹੱਡੀਆਂ ਦੇ ਮਾਹਰ ਡਾਕਟਰ ਦੀ ਨਿਯੁਕਤੀ ਦੀ ਮੰਗ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ