ਪੱਤਰ ਪ੍ਰੇਰਕ
ਸ਼ਹਿਣਾ, 1 ਸਤੰਬਰ
ਇਥੇ ਕਸਬੇ ਸ਼ਹਿਣਾ ਦੇ ਸਰਕਾਰੀ ਹਸਪਤਾਲ ਵਿੱਚੋਂ ਡਾਕਟਰ ਅਤੇ ਫਾਰਮਾਸਿਸਟ ਦੀਆਂ ਬਦਲੀਆਂ ਕਰ ਕੇ ਹਸਪਤਾਲ ਨੂੰ ਸਟਾਫ਼ ਵਿਹੁਣਾ ਕਰਨ ਦਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਗੰਭੀਰ ਨੋਟਿਸ ਲਿਆ ਹੈ। ਸਰਕਾਰ ਨੇ 4 ਅਗਸਤ 2022 ਨੂੰ ਡਾਕਟਰ ਦੀ ਬਦਲੀ ਸ਼ਹਿਣਾ ਤੋਂ ਲਾਗਲੇ ਕਸਬਾ ਭਦੌੜ ਅਤੇ ਇੱਥੋਂ ਦੇ ਫਾਰਮਾਸਿਸਟ ਦੀ ਬਦਲੀ ਤਪਾ ਮੰਡੀ ਕਰ ਦਿੱਤੀ ਹੈ। ਮਹੀਨੇ ਭਰ ’ਚ ਕੋਈ ਡਾਕਟਰ ਅਤੇ ਨਾ ਹੀ ਫਾਰਮਾਸਿਸਟ ਆਇਆ ਹੈ ਅਤੇ ਲੋਕ ਪ੍ਰੇਸ਼ਾਨ ਹਨ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਇਸ ਮਸਲੇ ਦਾ ਗੰਭੀਰ ਨੋਟਿਸ ਲੈਂਦਿਆ ਪੰਜਾਬ ਦੀ ਮਾਨ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਸ਼ਹਿਣਾ ਦੀ 23 ਹਜਾਰ ਦੀ ਆਬਾਦੀ ਪੰਜਾਬ ਦੀ ਵਸਨੀਕ ਨਹੀਂ ਹੈ? ਕੀ ਇੱਥੇ ਦਵਾਈ ਦੀ ਲੋੜ ਨਹੀਂ ਹੈ? ਹੁਣ ਹਸਪਤਾਲ ’ਚ ਨਾ ਤਾਂ ਕੋਈ ਦਵਾਈ ਦੇਣ ਵਾਲਾ ਹੀ ਰਹਿ ਗਿਆ ਹੈ ਅਤੇ ਨਾ ਹੀ ਦਵਾਈ ਲਿਖਣ ਵਾਲਾ ਰਹਿ ਗਿਆ ਹੈ। ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਔਲਖ ਨੇ ਸੰਪਰਕ ਦੱਸਿਆ ਕਿ ਇਹ ਬਦਲੀਆਂ ਉਨ੍ਹਾਂ ਨੇ ਨਹੀ ਕੀਤੀਆਂ ਹਨ, ਇਹ ਬਦਲੀਆਂ ਸਿਹਤ ਮੰਤਰੀ ਨੇ ਕੀਤੀਆਂ ਹਨ, ਵਧੇਰੇ ਜਾਣਕਾਰੀ ਉਨ੍ਹਾਂ ਤੋਂ ਲਵੋ।