ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 12 ਜਨਵਰੀ
ਪੰਜਾਬ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵੱਲੋਂ ਅੱਜ ਮਾਲ ਹਲਕਾ ਕਲਿਆਣ ਸੁੱਖਾ ਦੇ ਪਟਵਾਰੀ ਜਗਜੀਤ ਸਿੰਘ ਨੂੰ 10 ਹਜ਼ਾਰ ਰੁਪਏ ਕਥਿਤ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਨੂੰ ਕਲਿਆਣ ਸੁੱਖਾ ਪਿੰਡ ਦੇ ਬਾਸ਼ਿੰਦੇ ਕੁਲਦੀਪ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਗਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕੇ ਦੋਸ਼ ਲਾਇਆ ਕਿ ਪਿੰਡ ਕਲਿਆਣ ਸੁੱਖਾ ਵਿੱਚ ਕਰੀਬ 6 ਏਕੜ ਵਾਹੀਯੋਗ ਜ਼ਮੀਨ ਸਾਂਝੇ ਖਾਤੇ ਦੀ ਹੈ ਅਤੇ ਉਹ ਆਪਣੇ ਹਿੱਸੇ ਆਉਂਦੀ ਇਸ ਜ਼ਮੀਨ ਵਿੱਚੋਂ 2 ਕਨਾਲਾਂ ਦਾ ਤਬਾਦਲਾ ਦੂਜੀ ਧਿਰ ਨਾਲ ਕਰਵਾਉਣਾ ਚਾਹੁੰਦਾ ਸੀ। ਪਟਵਾਰੀ ਜਗਜੀਤ ਸਿੰਘ ਅਤੇ ਉਸ ਦੇ ਪ੍ਰਾਈਵੇਟ ਸਹਾਇਕ ਬੇਅੰਤ ਸਿੰਘ ਨੇ ਇਹ ਕੰਮ ਕਰਨ ਬਦਲੇ ਮੁੱਦਈ ਕੁਲਦੀਪ ਸਿੰਘ ਕੋਲੋਂ 12 ਹਜ਼ਾਰ ਰੁਪਏ ਕਥਿਤ ਰਿਸ਼ਵਤ ਦੀ ਮੰਗ ਕੀਤੀ ਪਰ ਜ਼ੋਰ ਪਾਉਣ ’ਤੇ ਸੌਦਾ 10 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕੁੱਝ ਦਿਨ ਪਹਿਲਾਂ ਇਹੋ ਪਟਵਾਰੀ, ਇਸੇ ਜ਼ਮੀਨ ’ਤੇ, ਬੈਂਕ ਲਿਮਟ ਨੂੰ ਫੱਕ ਕਰਨ ਬਦਲੇ ਉਸ ਕੋਲੋਂ 10 ਹਜ਼ਾਰ ਰੁਪਏ ਰਿਸ਼ਵਤ ਵਜੋਂ ਹਾਸਲ ਕਰ ਚੁੱਕਾ ਸੀ। ਬੁਲਾਰੇ ਨੇ ਦੱਸਿਆ ਸ਼ਿਕਾਇਤ ਦੀ ਮੁੱਢਲੀ ਪੜਤਾਲ ਕਰਨ ’ਤੇ ਵਿਜੀਲੈਂਸ ਬਿਊਰੋ ਯੂਨਿਟ ਬਠਿੰਡਾ ਨੇ ਜਾਲ ਵਿਛਾਇਆ ਅਤੇ ਪਟਵਾਰੀ ਜਗਜੀਤ ਸਿੰਘ ਨੂੰ ਸ਼ਿਕਾਇਤਕਰਤਾ ਪਾਸੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ, ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਮੌਕੇ ’ਤੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਦੱਸਿਆ ਗਿਆ ਕਿ ਪਟਵਾਰੀ ਦੇ ਪ੍ਰਾਈਵੇਟ ਸਹਾਇਕ ਬੇਅੰਤ ਸਿੰਘ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਇਸ ਕੇਸ ਵਿੱਚ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।