ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 23 ਜੂਨ
ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀਆਂ ਮੰਗਾਂ ਨਾ ਮੰਨੇ ਜਾਣ ਤੋਂ ਖ਼ਫ਼ਾ ਪਟਵਾਰੀਆਂ ਨੇ ਵਾਧੂ ਸਰਕਲਾਂ ਦਾ ਕੰਮ ਅਣਮਿੱਥੇ ਸਮੇਂ ਲਈ ਤਿਆਗ ਦਿੱਤਾ ਹੈ, ਜਿਸ ਕਾਰਨ ਅੱਧ ਨਾਲੋਂ ਬਹੁਤੇ ਸਰਕਲ ਬਿਨਾਂ ਪਟਵਾਰੀਆਂ ਤੋਂ ਹੋਣ ਕਰਕੇ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ। ਰੈਵੀਨਿਊ ਪਟਵਾਰੀ ਯੂਨੀਅਨ ਅਤੇ ਕਾਨੂੰਨਗੋ ਐਸੋਸੀਏਸ਼ਨ ਦੇ ਸੂਬਾਈ ਆਗੂ ਇਕਬਾਲ ਸਿੰਘ, ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਕਾਨੂੰਨਗੋ, ਨਰਿੰਦਰ ਕੁਮਾਰ ਨੀਟਾ, ਪਵਨ ਕੁਮਾਰ ਅਤੇ ਸੁਰਜੀਤ ਕੁਮਾਰ ਅਨੁਸਾਰ ਜ਼ਿਲ੍ਹਾ ਮੁਕਤਸਰ ’ਚ 119 ਪਟਵਾਰ ਸਰਕਲ ਹਨ ਪਰ ਪਟਵਾਰੀ ਸਿਰਫ਼ 50 ਹਨ, ਜਿਸ ਕਰਕੇ ਹੁਣ ਸਿਰਫ਼ 50 ਸਰਕਲਾਂ ਦਾ ਹੀ ਕੰਮ ਹੋਵੇਗਾ ਜਦਕਿ 69 ਸਰਕਲਾਂ ਦਾ ਕੰਮ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮੁਕਤਸਰ ਉਪ ਮੰਡਲ ਦੇ 81 ਸਰਕਲਾਂ ਵਿੱਚ ਸਿਰਫ਼ 16 ਪਟਵਾਰ ਸਰਕਲ ਹੀ ਕੰਮ ਕਰ ਰਹੇ ਹਨ। ਉਨ੍ਹਾਂ ਖਾਲੀ ਪੋਸਟਾਂ ਭਰਨ, ਨਵੇਂ ਪਟਵਾਰੀਆਂ ਦਾ ਪਰਖ ਕਾਲ ਦੋ ਸਾਲ ਕਰਨ, ਪਟਵਾਰੀ ਦੀ ਡੇਢ ਸਾਲ ਦੀ ਟਰੇਨਿੰਗ ਨੂੰ ਕਾਰਜਕਾਲ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।
ਧਨੌਲਾ (ਪੁਨੀਤ ਮੈਨਨ): ਪੰਜਾਬ ਦੇ ਸਮੂਹ ਪਟਵਾਰੀਆਂ ਤੇ ਕਾਨੂੰਗੋਆਂ ਨੇ ਵਾਧੂ ਸਰਕਲਾਂ ਦਾ ਚਾਰਜ ਛੱਡ ਦਿੱਤਾ ਹੈ। ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਸਨਪ੍ਰੀਤ ਭਾਰਦਵਾਜ ਨੇ ਦੱਸਿਆ ਕਿ ਪੰਜਾਬ ਦੇ 8 ਹਜ਼ਾਰ ਪਿੰਡ ਪਟਵਾਰੀਆਂ ਤੋਂ ਵਾਂਝੇ ਹੋ ਗਏ ਹਨ। ਜਨਰਲ ਸਕੱਤਰ ਰਾਜੇਸ਼ ਕੁਮਾਰ ਭੁਟਾਨੀ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਰਘਵੀਰ ਸਿੰਘ ਚੰਗਾਲ ਨੇ ਦੱਸਿਆ ਕਿ ਤਹਿਸੀਲ ਧਨੌਲਾ ਦੇ ਪਿੰਡ ਭੱਠਲਾਂ, ਭੈਣੀ ਜੱਸਾ, ਅਸਪਾਲ ਕਲਾਂ ਆਦਿ ਪਿੰਡਾਂ ਦੇ ਚਾਰਜ ਪਟਵਾਰੀ ਛੱਡ ਚੁੱਕੇ ਹਨ।
ਵਾਧੂ ਪਿੰਡਾਂ ਦਾ ਰਿਕਾਰਡ ਤਹਿਸੀਲਦਾਰ ਦੇ ਹਵਾਲੇ ਕੀਤਾ
ਬਾਘਾਪੁਰਾਣਾ (ਪੱਤਰ ਪ੍ਰੇਰਕ): ਦਿ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਨਗੋ ਐਸੋਸੀਏਸ਼ਨ ਦੀ ਸੂਬਾ ਪੱਧਰੀ ਤਾਲਮੇਲ ਕਮੇਟੀ ਦੇ ਕਨਵੀਨਰ ਰੁਪਿੰਦਰ ਸਿੰਘ ਗਰੇਵਾਲ ਅਤੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀਆਂ ਹਦਾਇਤਾਂ ’ਤੇ ਹਰੇਕ ਪਟਵਾਰ ਹਲਕੇ ਅਤੇ ਪਿੰਡਾਂ ਵਿੱਚ ਕੰਮ ਕਰਨ ਵਾਲੇ ਪਟਵਾਰੀਆਂ ਅਤੇ ਕਾਨੂੰਨਗੋਆਂ ਨੇ ਆਪਣਾ ਵਾਧੂ ਚਾਰਜ ਛੱਡ ਕੇ ਸਾਰਾ ਰਿਕਾਰਡ ਆਪੋ-ਆਪਣੇ ਸਦਰ ਮੁਕਾਮਾਂ ਦੇ ਤਹਿਸੀਲਦਾਰਾਂ ਦੇ ਸਪੁਰਦ ਕਰ ਦਿੱਤਾ ਹੈ। ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਬਾਘਾਪੁਰਾਣਾ ਦੇ ਪ੍ਰਧਾਨ ਸਨਪ੍ਰੀਤ ਨੇ ਦੱਸਿਆ ਕਿ ਤਹਿਸੀਲ ਦੇ ਕੁਲ 72 ਪਿੰਡਾਂ (51 ਸਰਕਲਾਂ) ਅੰਦਰ ਪਟਵਾਰੀਆ ਦੀਆਂ ਕੁੱਲ 72 ’ਚੋਂ 60 ਅਸਾਮੀਆਂ ਖਾਲੀ ਹਨ ਅਤੇ ਸਿਰਫ 12 ਪਟਵਾਰੀ ਹੀ ਸਾਰੇ ਸਰਕਲਾਂ ਅਤੇ ਪਿੰਡਾਂ ਦਾ ਚਾਰਜ ਸੰਭਾਲਦੇ ਆ ਰਹੇ ਹਨ। ਜਥੇਬੰਦੀ ਦੇ ਸਭਨਾਂ ਅਹੁਦੇਦਾਰਾਂ ਨੇ ਵਾਧੂ ਚਾਰਜਾਂ ਦਾ ਰਿਕਾਰਡ ਤਹਿਸੀਲਦਾਰ ਨੂੰ ਸੌਂਪਿਆ।