ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਸਤੰਬਰ
ਪੰਜਾਬ ਸਰਕਾਰ ਵੱਲੋਂ ਸਥਾਨਕ ਜ਼ਿਲ੍ਹਾ ਸਕੱਤਰੇਤ ਦੇ ਵਿਸਤਾਰ ਅਤੇ ਅਜੀਤਵਾਲ ਤੇ ਸਮਾਲਸਰ ਸਬ ਤਹਿਸੀਲਾਂ ਲਈ ਨਵੇਂ ਕੰਪਲੈਕਸਾਂ ਦੀ ਉਸਾਰੀ ਲਈ ਰਾਹ ਪੱਧਰਾ ਹੋ ਗਿਆ ਹੈ। ਅਜੀਤਵਾਲ ਅਤੇ ਸਮਾਲਸਰ ਨੂੰ ਸਬ ਤਹਿਸੀਲਾਂ ਬਣਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਪਰ ਉਥੇ ਕੰਪਲੈਕਸ ਨਹੀਂ ਬਣ ਸਕੇ ਸਨ। ਤਹਿਸੀਲ ਕੰਪਲੈਕਸ ਧਰਮਕੋਟ ਦੀ ਮੁਰੰਮਤ ਲਈ ਵੀ ਫੰਡ ਸਰਕਾਰ ਨੇ ਜਾਰੀ ਕਰ ਦਿੱਤੇ ਹਨ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਸਥਾਨਕ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਨੇ ਸਬ ਤਹਿਸੀਲ ਅਜੀਤਵਾਲ ਦੇ ਕੰਪਲੈਕਸ ਲਈ ਪ੍ਰਸਾਵਿਤ ਜ਼ਮੀਨ ਦਾ ਮੁਆਇਨਾ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਰਮੇਸ਼ ਧੀਗੜਾਂ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਕੱਤਰੇਤ ਕੰਪਲੈਕਸ ‘ਬੀ’ ਬਲਾਕ ਦੀ ਦੋ ਮੰਜ਼ਿਲਾ ਇਮਾਰਤ ਦਾ ਵਿਸਤਾਰ ਕੀਤਾ ਜਾਣਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ 12 ਕਰੋੜ 11 ਲੱਖ 31 ਹਜਾਰ ਰੁਪਏ ਜਾਰੀ ਕੀਤੇ ਗਏ ਹਨ। ਸਾਲ 2001 ਵਿਚ ਅਕਾਲੀ ਸਰਕਾਰ ਵੇਲੇ ਕੰਪਲੈਕਸ ਸੱਤ ਮੰਜ਼ਿਲਾ ਮਨਜ਼ੂਰ ਹੋਇਆ ਸੀ ਪਰ ਸਾਲ 2002 ਵਿਚ ਹਕੂਮਤ ਬਦਲ ਗਈ। ਜ਼ਿਲ੍ਹਾ ਸਕੱਤਰੇਤ ਦੀ ਦੋ ਮੰਜ਼ਿਲਾ ਇਮਾਰਤ ਦੇ ਵਿਸਤਾਰ ਨਾਲ ਤਕਰੀਬਨ ਸਾਰੇ ਵਿਭਾਗਾਂ ਦੇ ਦਫਤਰ ਇਥੇ ਤਬਦੀਲ ਹੋ ਜਾਣਗੇ। ਥਾਂ ਦੀ ਕਮੀ ਕਾਰਨ ਹਾਲੇ ਕਈ ਦਫਤਰ ਦੂਰ-ਦੂਰ ਚੱਲ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅਜੀਤਵਾਲ ਅਤੇ ਸਮਾਲਸਰ ਨੂੰ ਸਬ ਤਹਿਸੀਲ ਬਣਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਪਰ ਉਥੇ ਹਾਲੇ ਤੱਕ ਸਬ ਤਹਿਸੀਲ ਕੰਪਲੈਕਸ ਨਹੀਂ ਬਣ ਸਕੇ ਸਨ। ਪੰਜਾਬ ਸਰਕਾਰ ਨੇ ਇਨ੍ਹਾਂ ਦੋਵਾਂ ਸਬ ਤਹਿਸੀਲ ਕੰਪਲੈਕਸਾਂ ਨੂੰ ਉਸਾਰਨ ਲਈ ਹਰੀ ਝੰਡੀ ਦੇ ਦਿੱਤੀ ਅਤੇ ਇਨ੍ਹਾਂ ਦੋਵਾਂ ਇਮਾਰਤਾਂ ਦੀ ਉਸਾਰੀ ਲਈ ਕਰਮਵਾਰ 85.75 ਲੱਖ ਅਤੇ 85.75 ਲੱਖ (ਕੁੱਲ 171. 44 ਲੱਖ) ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ।