ਲਖਵੀਰ ਸਿੰਘ ਚੀਮਾ
ਟੱਲੇਵਾਲ, 24 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਸੁਫ਼ਨਾ ਲੈ ਕੇ ਇਸ ਜਹਾਨ ਤੋਂ ਕਈ ਕਿਸਾਨ ਰੁਖ਼ਸਤ ਹੋ ਚੁੱਕੇ ਹਨ। ਜਾਨ ਗਵਾਉਣ ਵਾਲੇ ਕਿਸਾਨਾਂ ਦਾ ਸੁਫ਼ਨਾ ਪੂਰਾ ਕਰਨ ਲਈ ਹੁਣ ਉਨ੍ਹਾਂ ਦੇ ਵਾਰਿਸਾਂ ਨੇ ਸੰਘਰਸ਼ੀ ਮੈਦਾਨ ਮੱਲ ਲਿਆ ਹੈ। ਇਸ ਸੰਘਰਸ਼ ਦੌਰਾਨ ਹੁਣ ਤੱਕ ਪੰਜਾਬ ਦੇ 100 ਤੋਂ ਵੱਧ ਕਿਸਾਨ ਜਾਨ ਗਵਾ ਚੁੱਕੇ ਹਨ। ਉਨ੍ਹਾਂ ਵਿੱਚੋਂ 10 ਦੇ ਕਰੀਬ ਕਿਸਾਨ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਹਨ। ਉਨ੍ਹਾਂ ਦੇ ਵਾਰਿਸਾਂ ਦੇ ਹੌਸਲੇ ਮੱਠੇ ਨਹੀਂ ਪਏ ਤੇ ਉਹ ਕਿਸਾਨੀ ਘੋਲ ਦਾ ਹਿੱਸਾ ਬਣ ਰਹੇ ਹਨ।
ਕਿਸਾਨਾਂ ਦੇ ਟਰੈਕਟਰ ਠੀਕ ਕਰਨ ਲਈ ਧਨੌਲੇ ਦਾ ਮਕੈਨਿਕ ਜਨਕ ਰਾਜ 26 ਨਵੰਬਰ ਨੂੰ ਭਾਕਿਯੂ ਉਗਰਾਹਾਂ ਦੇ ਕਾਫ਼ਲਿਆਂ ਨਾਲ ਦਿੱਲੀ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਸੀ। ਜਨਕ ਰਾਜ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸਾਹਿਲ ਲਗਾਤਾਰ ਉਗਰਾਹਾਂ ਜਥੇਬੰਦੀ ਦੇ ਹਰ ਸੰਘਰਸ਼ ਵਿੱਚ ਸ਼ਾਮਲ ਹੋਣ ਲੱਗਿਆ ਹੈ। ਸਾਹਿਲ ਕਹਿੰਦਾ ਹੈ ਕਿ ਉਸ ਦੇ ਪਿਤਾ ਦਾ ਸੁਫ਼ਨਾ ਕਿਸਾਨਾਂ ਦੀ ਜਿੱਤ ਦਾ ਸੀ। ਉਹ ਆਪਣੇ ਪਿਤਾ ਦੇ ਪੂਰਨਿਆਂ ’ਤੇ ਚੱਲਦਿਆਂ ਕਿਸਾਨਾਂ ਦਾ ਇਸ ਸੰਘਰਸ਼ ’ਚ ਸਾਥ ਦਿੰਦਾ ਰਹੇਗਾ। ਉਹ ਜਥੇਬੰਦੀ ਦੇ ਧਨੌਲਾ ਵਿਚ ਰਿਲਾਇੰਸ ਪੰਪ ਜਾਂ ਬਡਬਰ ਟੌਲ ਪਲਾਜ਼ੇ ’ਤੇ ਸ਼ਾਮਲ ਹੋ ਰਿਹਾ ਹੈ। ਬਰਨਾਲਾ ਵਿਚ ਭਾਜਪਾ ਆਗੂਆਂ ਦੇ ਘਰਾਂ ਅੱਗੇ ਪਿੰਡ ਗੁਰਮ ਦੇ ਕਿਸਾਨ ਸੁਖਦੇਵ ਸਿੰਘ ਤੇ ਪਿੰਡ ਸੇਖਾ ਦੇ ਕਿਸਾਨ ਜ਼ੋਰਾ ਸਿੰਘ ਦੀ ਮੌਤ ਹੋ ਗਈ ਸੀ। ਹੁਣ ਉਨ੍ਹਾਂ ਦੇ ਵਾਰਿਸ ਬੁਲੰਦ ਹੌਸਲਿਆਂ ਨਾਲ ਕਿਸਾਨੀ ਘੋਲ ਦਾ ਹਿੱਸਾ ਬਣ ਰਹੇ ਹਨ। ਪਤੀ ਜ਼ੋਰਾ ਸਿੰਘ ਦੀ ਮੌਤ ਤੋਂ ਬਾਅਦ ਰਵਿੰਦਰ ਕੌਰ ਕਿਸਾਨ ਘੋਲ ਦਾ ਲਗਾਤਾਰ ਹਿੱਸਾ ਬਣ ਰਹੀ ਹੈ। ਕਿਸਾਨ ਸੁਖਦੇਵ ਦਾ ਪੁੱਤਰ ਜਗਸੀਰ ਸਿੰਘ ਲਗਾਤਾਰ ਸੰਘੇੜਾ ਰਿਲਾਇੰਸ ਪੰਪ ’ਤੇ ਕਿਸਾਨੀ ਸੰਘਰਸ਼ ’ਚ ਹਾਜ਼ਰ ਹੋ ਰਿਹਾ ਹੈ।
ਮਹਿਲ ਕਲਾਂ ਟੌਲ ਪਲਾਜ਼ੇ ਦੇ ਮੋਰਚੇ ਦੌਰਾਨ ਕਿਸਾਨ ਕਾਹਨ ਸਿੰਘ ਤੇ ਰਜਿੰਦਰ ਕੌਰ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਮੋਰਚੇ ਦਾ ਲਗਾਤਾਰ ਹਿੱਸਾ ਬਣ ਰਹੇ ਹਨ। ਕਾਹਨ ਸਿੰਘ ਦੇ ਪੁੱੱਤਰ ਨਰਿੰਦਰ ਸਿੰਘ ਨੇ ਕਿਹਾ ਕਿ ਉਹ ਪਿਤਾ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਸੰਘਰਸ਼ ਦਾ ਸਾਥ ਦਿੰਦੇ ਰਹਿਣਗੇ।
ਪਰਵਾਸੀਆਂ ਵੱਲੋਂ ਜਨਕ ਰਾਜ ਦੇ ਪਰਿਵਾਰ ਦੀ ਮਾਲੀ ਮਦਦ
ਬਰਨਾਲਾ (ਰਵਿੰਦਰ ਰਵੀ): ਕਿਸਾਨ ਅੰਦੋਲਨ ਦੇ ਸ਼ਹੀਦ ਜਨਕ ਰਾਜ ਦੇ ਪਰਿਵਾਰ ਲਈ ਕੈਨੇਡਾ ਰਹਿੰਦੀ ਗੁਰਪ੍ਰੀਤ ਕੌਰ, ਉਸ ਦੇ ਪਤੀ ਪ੍ਰਿਤਪਾਲ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਰਾਹੀਂ 50 ਹਜ਼ਾਰ ਰੁਪਏ ਦੀ ਮਾਇਕ ਮਦਦ ਕੀਤੀ। ਸ਼ਹੀਦ ਦੀ ਪਤਨੀ ਉਰਮਿਲਾ ਦੇਵੀ ਤੇ ਪੁੱਤਰ ਸਾਹਿਲ ਅਤੇ ਕਿਸਾਨ ਯੂਨੀਅਨਾਂ ਨੇ ਮਦਦ ਦੇਣ ਆਏ ਜਲੰਧਰ ਦੇ ਸੁਖਦੇਵ ਸਿੰਘ ਅਤੇ ਗੁਰਦਾਸਪੁਰ ਦੇ ਗੁਲਾਬ ਸਿੰਘ ਦਾ ਧੰਨਵਾਦ ਕੀਤਾ।