ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 5 ਨਵੰਬਰ
ਪਿੰਡ ਕਰਮਗੜ੍ਹ ਵਿੱਚ ਝੋਨਾ ਵੱਧ ਤੋਲੇ ਜਾਣ ’ਤੇ ਮਾਰਕੀਟ ਕਮੇਟੀ ਵਲੋਂ ਇੱਕ ਆੜ੍ਹਤੀਏ ਅਤੇ ਤੋਲੇ ਨੂੰ ਜੁਰਮਾਨਾ ਕੀਤਾ ਗਿਆ ਹੈ। ਕਮੇਟੀ ਦੇ ਸਕੱਤਰ ਕੁਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਚਾਇਤ ਅਤੇ ਕਿਸਾਨਾਂ ਵੱਲੋਂ ਅਨਾਜ ਮੰਡੀ ਕਰਮਗੜ੍ਹ ਵਿੱਚ ਇਕ ਆੜ੍ਹਤ ਦੀ ਫ਼ਰਮ ਉੱਪਰ ਝੋਨੇ ਦੀ ਫ਼ਸਲ ਵੱਧ ਤੋਲੇ ਜਾਣ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਜਾਂਚ ਕਰਨ ’ਤੇ ਖ਼ਰੀਦੇ ਝੋਨੇ ਦੀਆਂ ਬੋਰੀਆਂ ਦੀ ਚੈਕਿੰਗ ਦੌਰਾਨ ਵਿੱਚ ਝੋਨਾ ਵੱਧ ਤੋਲਿਆ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਪ੍ਰਤੀ ਗੱਟਾ ਕਰੀਬ ਡੇਢ ਕਿਲੋ ਝੋਨਾ ਵੱਧ ਤੋਲਿਆ ਗਿਆ ਸੀ ਜਿਸ ਤੋਂ ਬਾਅਦ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਰਾਜ ਕੁਮਾਰ ਐਂਡ ਸੰਨਜ਼ ਆੜ੍ਹਤੀਆ ਫ਼ਰਮ ਨੂੰ 8 ਹਜ਼ਾਰ ਰੁਪਏ ਅਤੇ ਤੋਲੇ ਨੂੰ 1500 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਧ ਤੋਲੇ ਗਏ ਝੋਨੇ ਦਾ ਸਬੰਧਤ ਕਿਸਾਨ ਲਈ ਜੇ ਫ਼ਾਰਮ ਜਾਰੀ ਕਰਨ ਲਈ ਵੀ ਉਕਤ ਆੜ੍ਹਤੀਏ ਨੂੰ ਕਿਹਾ ਗਿਆ ਹੈ।