ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 6 ਅਪਰੈਲ
ਪੰਜਾਬ ਸਰਕਾਰ ਤੇ ਯੂਟੀ ਪੈਨਸ਼ਨਰਜ ਤੇ ਮੁਲਾਜ਼ਮ ਸਾਂਝੇ ਫਰੰਟ ਦੇ ਸੱਦੇ ’ਤੇ ਅੱਜ ਭਗਤਾ ਭਾਈ ਦੇ ਮੁੱਖ ਚੌਕ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਆਤਮ ਤੇਜ਼ ਸ਼ਰਮਾ ਦੀ ਅਗਵਾਈ ਹੇਠ ਪੈਨਸ਼ਨਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਪੇ ਕਮਿਸ਼ਨ ਦੀ ਅਰਥੀ ਫੂਕੀ ਗਈ। ਇਕੱਤਰ ਹੋਏ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ। ਬਲਾਕ ਪ੍ਰਧਾਨ ਆਤਮ ਤੇਜ਼ ਸ਼ਰਮਾ, ਖਜ਼ਾਨਚੀ ਓਮ ਪ੍ਰਕਾਸ਼ ਭਗਤਾ, ਅਮਰਜੀਤ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ ਅਤੇ ਕੌਰ ਸਿੰਘ ਕੋਠਾਗੁਰੂ ਨੇ ਕਿਹਾ ਕਿ ਪੰਜਾਬ ਸਰਕਾਰ 4 ਸਾਲ ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੂੰ ਝੂਠੇ ਲਾਰੇ ਲਗਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੇਅ ਕਮਿਸ਼ਨ ਦੀ ਰਿਪੋਰਟ ਜਨਵਰੀ 2016 ਤੋਂ ਲਾਗੂ ਕਰਨ ਦਾ ਨੋਟੀਫਿਕੇਸ਼ਨ ਤਰੁੰਤ ਜਾਰੀ ਤੇ ਡੀਏ ਰਹਿੰਦਾ ਬਕਾਇਆ ਜਲਦੀ ਦੇਣ ਸਮੇਤ ਬਾਕੀ ਮੰਗਾਂ ਨੂੰ ਪੂਰਾ ਕੀਤਾ ਜਾਵੇ। ਪੈਨਸ਼ਨਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਮੰਗਾਂ ਨਾ ਮੰਨੀਆਂ ਤਾਂ ਸਾਂਝੇ ਫਰੰਟ ਦੇ ਫੈਸਲੇ ਅਨੁਸਾਰ 5 ਮਈ ਤੋਂ ਪਟਿਆਲਾ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ।
ਜੈਤੋ (ਸ਼ਗਨ ਕਟਾਰੀਆ): ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਮੁਹਾਜ਼ ਵੱਲੋਂ ਪੰਜਾਬ ਸਰਕਾਰ ਦੁਆਰਾ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਵਾਰ-ਵਾਰ ਕੀਤੀ ਜਾ ਰਹੀ ਦੇਰੀ ਵਿਰੁੱਧ ਅੱਜ ਇਥੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਹ ਪੁਤਲਾ ਬਲਾਕ ਜੈਤੋ ਦੇ ਪ੍ਰਧਾਨ ਪ੍ਰਕਾਸ਼ ਸਿੰਘ ਦੀ ਅਗਵਾਈ ਵਿਚ ਸਾੜਿਆ ਗਿਆ। ਇਸ ਮੌਕੇ ਸਾਧੂ ਰਾਮ ਬਾਂਸਲ, ਜਗਦੀਸ਼ ਰਾਏ ਅਰੋੜਾ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਵੀਰ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ, ਸੂਬਾ ਸਿੰਘ ਰਾਮੇਆਣਾ, ਬਾਜ਼ ਸਿੰਘ, ਮੇਲਾ ਰਾਮ, ਜਗਤਾਰ ਸਿੰਘ, ਗੁਰਦਾਸ ਸਿੰਘ ਹਾਜ਼ਰ ਸਨ।