ਖੇਤਰੀ ਪ੍ਰਤੀਨਿਧ
ਬਰਨਾਲਾ, 6 ਜੁਲਾਈ
ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਉੱਪਰ 200 ਰੁਪਏ ਮਹੀਨਾ ਲਾਏ ਡਿਵੈਲਪਮੈਂਟ ਟੈਕਸ ਖ਼ਿਲਾਫ਼ ਵਰ੍ਹਦੇ ਮੀਂਹ ’ਚ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਜੱਗਾ ਸਿੰਘ ਦੀ ਅਗਵਾਈ ਹੇਠ ਕੀਤੇ ਮੁਜ਼ਾਹਰੇ ਉਪਰੰਤ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੀ ਅਰਥੀ ਸਾੜੀ। ਆਗੂਆਂ ਸ਼ਿੰਦਰ ਧੌਲਾ, ਗੁਰਚਰਨ ਸਿੰਘ, ਹਰਨੇਕ ਸਿੰਘ ਸੰਘੇੜਾ, ਗੌਰੀ ਸ਼ੰਕਰ ਅਤੇ ਬਹਾਦਰ ਸਿੰਘ ਸੰਘੇੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੀਤੀ ਪੱਖੋਂ ਕੇਂਦਰ ਦੀ ਮੋਦੀ ਹਕੂਮਤ ਵਾਂਗ ਲੋਕ ਵਿਰੋਧੀ ਲੀਹਾਂ ‘ਤੇ ਚੱਲ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਫੈਸਲਾ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ। ਰੈਲੀ ਨੂੰ ਸੰਬੋਧਨ ਕਰਦਿਆਂ ਨਰਾਇਣ ਦੱਤ, ਭਾਗ ਸਿੰਘ,ਰਾਮ ਸਿੰਘ, ਜਗਰਾਜ ਸਿੰਘ, ਬੂਟਾ ਸਿੰਘ, ਜੋਗਿੰਦਰ ਪਾਲ, ਜਗਮੀਤ ਸਿੰਘ, ਸ਼ਿੰਗਾਰਾ ਸਿੰਘ, ਦੇਸ ਰਾਜ, ਹਰਜੀਤ ਸਿੰਘ, ਗੁਰਜੰਟ ਸਿੰਘ ਤੇ ਸਿਕੰਦਰ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ/ਪੈਨਸ਼ਨਰਾਂ ਵੱਲੋਂ ਸਿਰੜੀ ਸੰਘਰਸ਼ ਦੀ ਬਦੌਲਤ ਹਾਸਲ ਕੀਤੀਆਂ ਸਹੂਲਤਾਂ ਨੂੰ ਖੋਹਣ ਨਹੀਂ ਦਿੱਤਾ ਜਾਵੇਗਾ। ਆਗੂਆਂ ਨੇ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਸ਼ਮੂਲੀਅਤ ਤੇ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ।