ਪਵਨ ਗੋਇਲ
ਭੁੱਚੋ ਮੰਡੀ, 5 ਜੂਨ
ਨਗਰ ਕੌਂਸਲ ਵੱਲੋਂ ਵਿਕਾਸ ਕਾਰਜ ਵਿੱਚ ਕਥਿਤ ਕਾਣੀਵੰਡ ਦੇ ਵਿਰੋਧ ਵਿੱਚ ਵਾਰਡ ਨੰਬਰ-12 ਦੇ ਵਸਨੀਕਾਂ ਨੇ ਕੌਂਸਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਵਾਰਡ ਦੇ ਅਕਾਲੀ ਕੌਂਸਲਰ ਪ੍ਰਿੰਸ ਗੋਲਣ ਅਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਠੇਕੇਦਾਰ ਨੇ ਸ਼ਹਿਰ ਦੀ ਹਦੂਦ ਅੰਦਰ ਪੈਂਦਾ ਗਲੀ ਨੰਬਰ-7 ਦਾ 135 ਫੁੱਟ ਟੋਟਾ ਛੱਡ ਕੇ ਸ਼ਹਿਰ ਦੀ ਹੱਦ ਤੋਂ ਬਾਹਰ ਪੈਂਦੇ ‘ਆਪ’ ਦੇ ਸਮਰਥਕਾਂ ਦੇ ਘਰਾਂ ਅੱਗੇ ਗਲੀ ਪੱਕੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੌਂਸਲ ਨੇ ਗ਼ੈਰ ਵੱਸੋਂ ਵਾਲੇ ਇਲਾਕੇ ਵਿੱਚ ਵੀ 30 ਫੁੱਟ ਚੌੜੀਆਂ ਦੋ ਗਲੀਆਂ ਪੱਕੀਆਂ ਕਰ ਦਿੱਤੀਆਂ ਗਈਆਂ ਹਨ ਪਰ ਜਿੱਥੇ ਲੋਕ ਵਸਦੇ ਹਨ, ਉੱਥੇ ਗਲੀਆਂ ਪੱਕੀਆਂ ਕਰਨ ਦਾ ਕੰਮ ਬੰਦ ਕਰ ਦਿੱਤਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ।
ਇਸ ਸਬੰਧੀ ਪੱਖ ਜਾਨਣ ਲਈ ਨਗਰ ਕੌਂਸਲ ਦੇ ਪ੍ਰਧਾਨ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ। ਜੇਈ ਦਵਿੰਦਰ ਸ਼ਰਮਾ ਨੇ ਕਿਹਾ ਕਿ ਉਹ ਸੋਮਵਾਰ ਨੂੰ ਮੌਕਾ ਦੇਖ ਕੇ ਹੀ ਕੁਝ ਦੱਸ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਗਲੀ ਦਾ ਕੰਮ ਪੂਰਾ ਕੀਤਾ ਜਾਵੇਗਾ।
ਠੇਕੇਦਾਰ ਦੇ ਮੁਨਸ਼ੀ ਨੇ ਕਿਹਾ ਕਿ ਵੋਟਾਂ ਕਰ ਕੇ ਕੰਮ ਰੁਕਿਆ ਹੋਇਆ ਸੀ, ਹੁਣ ਦੋ ਦਿਨਾਂ ਤੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਗਲੀ ਦਾ 135 ਫੁੱਟ ਦਾ ਟੋਟਾ ਛੱਡੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਗਲੀ ਦੀ ਢਲਾਣ ਦੇ ਹਿਸਾਬ ਨਾਲ ਕੰਮ ਦੂਜੇ ਪਾਸੇ ਤੋਂ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਪੱਧਰ ਸਹੀ ਕੀਤਾ ਜਾ ਸਕੇ।