ਪੱਤਰ ਪ੍ਰੇਰਕ
ਭੁੱਚੋ ਮੰਡੀ, 25 ਅਪਰੈਲ
ਸੈਂਟਰਲ ਬੈਂਕ ਆਫ ਇੰਡੀਆ ਦੇ ਸਟਾਫ ਵੱਲੋਂ ਸਾਢੇ ਤਿੰਨ ਵਜੇ ਹੀ ਬੈਂਕ ਦਾ ਗੇਟ ਬੰਦ ਕੀਤੇ ਜਾਣ ਕਾਰਨ ਖਾਤਾਧਾਰਕਾਂ ਨੇ ਗੇਟ ਅੱਗੇ ਰੋਸ ਵਿਖਾਵਾ ਕੀਤਾ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਖਾਤਾਧਾਰਕ ਮੁਲਾਜ਼ਮਾਂ ਵੱਲੋਂ ਲੋਕਾਂ ਨਾਲ ਦੁਰਵਿਵਹਾਰ ਕੀਤੇ ਜਾਣ ਕਾਰਨ ਵੀ ਰੋਹ ਵਿੱਚ ਸਨ। ਇਸ ਮੌਕੇ ਬਜ਼ੁਰਗ ਹਰਜੀਤ ਕੌਰ ਵਾਸੀ ਲਹਿਰਾ ਖਾਨਾ ਨੇ ਦੱਸਿਆ ਕਿ ਉਹ ਲਗਭਗ ਇੱਕ ਮਹੀਨੇ ਤੋਂ ਆਪਣੇ ਖਾਤੇ ਦੀਆਂ ਪਾਸਬੁੱਕ ਵਿੱਚ ਐਂਟਰੀਆਂ ਪਵਾਉਣ ਲਈ ਗੇੜੇ ਮਾਰ ਰਹੀ ਹੈ। ਅੱਜ ਬੈਂਕ ਅਧਿਕਾਰੀਆਂ ਨੇ ਵਰਕਿੰਗ ਸਮੇਂ ਦੌਰਾਨ ਅੱਧਾ ਘੰਟਾ ਪਹਿਲਾਂ ਹੀ ਬੈਂਕ ਦਾ ਗੇਟ ਬੰਦ ਕਰ ਦਿੱਤਾ। ਜਦੋਂ ਸੁਰੱਖਿਆ ਗਾਰਡ ਨੂੰ ਗੇਟ ਖੋਲ੍ਹਣ ਲਈ ਕਿਹਾ ਤਾਂ ਉਸ ਨੇ ਦੁਰਵਿਵਹਾਰ ਕੀਤਾ।
ਪ੍ਰਦਰਸ਼ਨਕਾਰੀਆਂ ਵਿੱਚ ਆੜ੍ਹਤੀ ਵਿਪਨ ਕੁਮਾਰ, ਕਿਸਾਨ ਅਜਮੇਰ ਸਿੰਘ, ਗੁਛਦੀਪ ਸਿੰਘ, ਨਰਪਿੰਦਰ ਸਿੰਘ ਅਤੇ ਸਾਬਕਾ ਫ਼ੌਜੀ ਰਾਜ ਕਰਨ ਸਿੰਘ ਆਦਿ ਮੌਜੂਦ ਸਨ। ਨੌਜਵਾਨ ਰੋਸ਼ਨ ਸਿੰਘ ਨੇ ਦੱਸਿਆ ਕਿ ਉਹ ਵੀ ਕਾਪੀ ਵਿੱਚ ਐਂਟਰੀਆਂ ਪਵਾਉਣ ਆਇਆ ਸੀ ਮੁਲਾਜ਼ਮ ਨੇ ਕਾਪੀ ਰੱਖ ਕੇ ਜਾਣ ਲਈ ਕਿਹਾ। ਉਹ ਜਦੋਂ ਦੁਬਾਰਾ ਨਾਲ ਬੈਠੇ ਮੁਲਾਜ਼ਮ ਤੋਂ ਪੁੱਛ ਕੇ ਆਪਣੀ ਕਾਪੀ ਚੁੱਕਣ ਲੱਗਾ, ਤਾਂ ਹੈੱਡ ਕੈਸ਼ੀਅਰ ਨੇ ਉਸ ਨਾਲ ਦੁਰਵਿਵਹਾਰ ਕੀਤਾ।
ਇਸ ਮਾਮਲੇ ਵਿੱਚ ਮੈਨੇਜਰ ਨੇ ਅਫ਼ਸੋਸ ਪ੍ਰਗਟ ਕਰਕੇ ਮਾਮਲਾ ਨਿਪਟਾਇਆ। ਮੈਨੇਜਰ ਸਤੀਸ਼ ਕੁਮਾਰ ਨੇ ਕਿਹਾ ਕਿ ਸਟਾਫ ਦੀ ਘਾਟ ਕਾਰਨ ਸਮੱਸਿਆ ਆ ਰਹੀ ਹੈ। ਉਨ੍ਹਾਂ ਜਾ ਕੇ ਗੇਟ ਖੁੱਲ੍ਹਵਾ ਦਿੱਤਾ ਸੀ। ਉਨ੍ਹਾਂ ਮੁਲਾਜ਼ਮਾਂ ਨੂੰ ਨਿਮਰਤਾ ਨਾਲ ਪੇਸ਼ ਆਉਣ ਦੀ ਹਦਾਇਤ ਕੀਤੀ।