ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 5 ਫ਼ਰਵਰੀ
ਸ਼ਹਿਰ ਦੀ ਭੀੜ ਵਾਲੀ ਸੜਕ ਪੁਰਾਣੀ ਕੈਂਟ ਰੋਡ ’ਤੇ ਪਿਛਲੇ ਮਹੀਨੇ ਤੋਂ ਖੜ੍ਹੇ ਗੰਦੇ ਪਾਣੀ ਨੇ ਡਿਵਾਈਡਰ ਦੇ ਇਕ ਪਾਸੇ ਦੀ ਅਧੀ ਤੋਂ ਜ਼ਿਆਦਾ ਸੜਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਬਦਬੂ ਮਾਰਦੇ ਗੰਦੇ ਪਾਣੀ ਦੇ ਨਾਲ ਮਲਬੇ ਦੇ ਢੇਰ ਹਾਦਸੇ ਦੇ ਨਾਲ-ਨਾਲ ਬਿਮਾਰੀਆਂ ਨੂੰ ਵੀ ਸੱਦਾ ਦੇ ਰਹੇ ਹਨ। ਇਸ ਗੰਦਗੀ ਕਾਰਨ ਸੜਕ ਕੋਲੋਂ ਅਰਜੁਨ ਬੇਕਰੀ, ਆਟਾ ਚੱਕੀ ਅਤੇ ਭੂਈ ਹਸਪਤਾਲ ਨੇੜਿਓਂ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ ਜਦਕਿ ਇਹ ਸ਼ਹਿਰ ਦੀ ਸਭ ਤੋਂ ਵੱਧ ਟ੍ਰੈਫਿਕ ਵਾਲੀ ਸੜਕ ਹੈ। ਕੁਝ ਦੁਕਾਨਦਾਰਾਂ ਨੇ ਆਪਣੇ ਘਰ ਦੇ ਪਾਣੀ ਦੀ ਨਿਕਾਸੀ ਲਈ ਖੁਦ ਦਾ ਖਰਚੇ ’ਤੇ ਮਚਾਕੀ ਮਲ ਸਿੰਘ ਸੜਕ ਤੱਕ ਪਾਈਪ ਪਾਈ ਹੋਈ ਸੀ ਜੋ ਅੱਗੇ ਨਾਲੇ ਵਿੱਚ ਪੈਂਦੀ ਸੀ, ਪਰ ਹੁਣ ਨਾਲੇ ਦੀ ਮੁਰੰਮਤ ਹੋਣ ਕਰਕੇ ਉਸ ਦਾ ਲੈਵਲ ਉੱਚਾ ਕਰ ਦਿੱਤਾ ਗਿਆ ਹੈ ਜਿਸ ਕਰਕੇ ਇਹ ਪਾਣੀ ਓਵਰਫਲੋਅ ਹੋ ਰਿਹਾ ਹੈ। ਅਮਨ ਨਗਰ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਵਿਨੋਦ ਸ਼ਰਮਾ, ਜਗਵੰਤ ਸਿੰਘ ਰੰਧਾਵਾ ਅਤੇ ਅਸ਼ੋਕ ਕੌਸ਼ਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਮੱਸਿਆ ਦਾ ਹੱਲ ਛੇਤੀ ਕੀਤਾ ਜਾਵੇ।