ਪਵਨ ਗੋਇਲ
ਭੁੱਚੋ ਮੰਡੀ, 10 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਪਿੰਡ ਤੁੰਗਵਾਲੀ ਦੀ ਫਿਰਨੀ ’ਤੇ ਨਿਕਾਸੀ ਪਾਣੀ ਜਮ੍ਹਾਂ ਰਹਿਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਇਕਾਈ ਪ੍ਰਧਾਨ ਸਰਬਜੀਤ ਸਿੰਘ ਜੈਦ, ਸਾਧੂ ਸਿੰਘ, ਘੋਨਾ ਸਿੰਘ, ਅਵੀ ਸਿੰਘ ਜੈਦ ਅਤੇ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਘਰਾਂ ਦਾ ਗੰਦਾ ਪਾਣੀ ਪਿੰਡ ਦੀ ਫਿਰਨੀ ਵਾਲੀ ਸੜਕ ’ਤੇ ਕੱਢਿਆ ਹੋਇਆ ਹੈ। ਪਿੰਡ ਦੇ ਚਾਰ ਚੁਫੇਰੇ ਫਿਰਨੀ ਦਾ ਬੁਰਾ ਹਾਲ ਹੈ। ਇਸ ਕਾਰਨ ਇੱਥੋਂ ਲੰਘਣ ਸਮੇਂ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਹਰ ਸਮੇਂ ਗੰਦਾ ਪਾਣੀ ਸੜਕ ’ਤੇ ਖੜ੍ਹਾ ਰਹਿਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦੀ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਸੁਣਵਾਈ ਨਾ ਹੋਣ ’ਤੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਆਗੂ ਬਿੱਕਰ ਸਿੰਘ ਖਾਲਸਾ, ਕਾਕਾ ਸਿੰਘ, ਕੁਲਵਿੰਦਰ ਸਿੰਘ ਜੈਦ, ਰਾਮ ਸਿੰਘ ਖਾਲਸਾ ਆਦਿ ਹਾਜ਼ਰ ਸਨ।