ਪੱਤਰ ਪ੍ਰੇਰਕ
ਝੁਨੀਰ, 23 ਅਕਤੂਬਰ
ਕਸਬਾ ਝੁਨੀਰ ਤੋਂ ਬੋਹਾ, ਬਰੇਟਾ, ਬੁਢਲਾਡਾ ਅਤੇ ਦਰਜ਼ਨਾਂ ਪਿੰਡਾਂ ਨੂੰ ਜਾਣ ਵਾਲੀ ਇਸ ਮੁੱਖ ਸੜਕ ’ਤੇ ਕਸਬੇ ਦੇ ਪਹਿਲੇ ਮੋੜ ਤੋਂ ਬਾਅਦ ਦਲਿਤ ਵਰਗ ਦੀ ਕਲੋਨੀ ਦੇ ਕੋਲ ਇਸ ਮੁੱਖ ਸੜਕ ’ਤੇ ਦੂਰ-ਦੂਰ ਤੱਕ ਲੱਗੀਆਂ ਰੂੜੀਆਂ ਦੇ ਵੱਡੇ ਢੇਰਾਂ ਤੋਂ ਲੋਕ ਭਾਰੀ ਪ੍ਰੇਸ਼ਾਨ ਹਨ। ਸ਼ਾਮ ਹੁੰਦੇ ਸਾਰ ਹੀ ਇਸ ਮੁੱਖ ਸੜਕ ’ਤੇ ਵੱਡੇ-ਵੱਡੇ ਅਤੇ ਛੋਟੇ ਵਾਹਨ ਵੱਡੀ ਗਿਣਤੀ ਵਿੱਚ ਜਦੋਂ ਲੰਘਦੇ ਹਨ ਤਾਂ ਰੂੜੀਆਂ ਦੇ ਵਿਸ਼ਾਲ ਢੇਰਾਂ ਕਾਰਨ ਉਨ੍ਹਾਂ ਲਈ ਵਾਹਨਾਂ ਨੂੰ ਕਰਾਸ ਕਰਨਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਇਨ੍ਹਾਂ ਰੂੜੀਆਂ ਦੇ ਕੋਲ ਵਸੀ ਵੱਡੀ ਆਬਾਦੀ ਦੇ ਬੱਚੇ ਅਤੇ ਬਜ਼ੁਰਗਾਂ ਲਈ ਹਮੇਸ਼ਾ ਹੀ ਜਾਨੀ ਖ਼ਤਰਾ ਬਣਿਆ ਰਹਿੰਦਾ ਹੈ ਕਿਉਂਕਿ ਰਸਤਾ ਸਾਫ ਨਾ ਹੋਣ ਕਾਰਨ ਕਿਸੇ ਵੀ ਸਮੇਂ ਤੇਜ਼ੀ ਨਾਲ ਆ ਰਹੇ ਵਾਹਨ ਉਨ੍ਹਾਂ ਦੀ ਜ਼ਿੰਦਗੀ ਲਈ ਵੱਡਾ ਖਤਰਾ ਬਣ ਸਕਦੇ ਹਨ। ਹਰ ਰੋਜ਼ ਇਸ ਮੁੱਖ ਸੜਕ ਤੋਂ ਅਨੇਕਾਂ ਸਰਕਾਰੀ ਅਧਿਕਾਰੀਆਂ ਦੀਆਂ ਗੱਡੀਆਂ ਵੀ ਵੱਡੀ ਗਿਣਤੀ ਵਿੱਚ ਲੰਘਦੀਆਂ ਹਨ ਪ੍ਰੰਤੂ ਉਹ ਵੀ ਅੱਖਾਂ ਬੰਦ ਕਰ ਕੇ ਲੰਘ ਜਾਂਦੇ ਹਨ। ਕਈ ਵਾਰ ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਸਥਾਨਕ ਪੰਚਾਇਤ ਅਤੇ ਪੁਲੀਸ ਵਿਭਾਗ ਇਹ ਰੂੜੀਆਂ ਚੁੱਕਵਾ ਦਿੰਦਾ ਹੈ ਪ੍ਰੰਤੂ ਕੁਝ ਹੀ ਦਿਨਾਂ ਬਾਅਦ ਫਿਰ ਇਹ ਰੂੜੀਆਂ ਦੇ ਢੇਰ ਲੱਗ ਜਾਂਦੇ ਹਨ ਇਲਾਕੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਪ੍ਰਸ਼ਾਸਨ ਇਹ ਰੂੜੀਆਂ ਦੇ ਢੇਰ ਹਮੇਸ਼ਾ ਹੀ ਮੁੱਖ ਸੜਕ ਤੋਂ ਚੁਕਵਾਏ।