ਪੱਤਰ ਪ੍ਰੇਰਕ
ਸ਼ਹਿਣਾ, 17 ਅਕਤੂਬਰ
ਮੰਡੀਕਰਨ ਬੋਰਡ ਵੱਲੋਂ ਸ਼ਹਿਣਾ ਤੋਂ ਚੂੰਘਾ ਅਤੇ ਸ਼ਹਿਣਾ ਤੋਂ ਵਿਧਾਤੇ ਸੜਕ ’ਤੇ ਪ੍ਰੀਮਿਕਸ ਨਾ ਪਾਉਣ ਕਾਰਨ ਪੰਜ ਪਿੰਡਾਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ। ਜਾਣਕਾਰੀ ਮੁਤਾਬਿਕ ਸ਼ਹਿਣਾ ਤੋਂ ਚੂੰਘਾ ਸੜਕ ‘ਤੇ ਕਰੀਬ ਡੇਢ ਸਾਲ ਪਹਿਲਾਂ ਅਤੇ ਸ਼ਹਿਣਾ ਤੋਂ ਵਿਧਾਤੇ ਸੜਕ ’ਤੇ ਸਾਲ ਪਹਿਲਾਂ ਪੱਥਰ ਪਾਇਆ ਗਿਆ ਸੀ। ਪੱਥਰ ਪਾਉਣ ਤੋਂ ਬਾਅਦ ਵਿਭਾਗ ਨੇ ਸੜਕਾਂ ਦੀ ਸਾਰ ਤੱਕ ਨਹੀਂ ਲਈ, ਜਿਸ ਕਾਰਨ ਪੱਥਰ ਉੱਖੜ-ਉੱਖੜ ਕੇ ਲੋਕਾਂ ਲਈ ਸਿਰਦਰਦੀ ਬਣ ਗਏ ਹਨ। ਲਗਪਗ 2-3 ਕਿਲੋਮੀਟਰ ਲੰਬੇ ਇਸ ਰਾਹ ’ਤੇ ਆਉਣ ਵਾਲੇ ਲੋਕ ਪ੍ਰੇਸ਼ਾਨ ਹੋ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਸ਼ਹਿਣਾ ਨੇ ਮਸਲੇ ਨੂੰ ਲੈ ਕੇ ਮਾਰਕੀਟ ਕਮੇਟੀ ਅੱਗੇ ਧਰਨਾ ਵੀ ਦਿੱਤਾ ਸੀ, ਜਿਸ ਮਗਰੋਂ ਕਮੇਟੀ ਦੇ ਅਧਿਕਾਰੀਆਂ ਨੇ 20 ਸਤੰਬਰ ਤੱਕ ਸੜਕ ਮੁਕੰਮਲ ਕਰਨ ਦਾ ਵਾਅਦਾ ਕਰਕੇ ਧਰਨਾ ਚੁੱਕਾ ਦਿੱਤਾ ਸੀ, ਪਰ ਹਾਲੇ ਵੀ ਸੜਕ ਦੀ ਹਾਲਤ ਜਿਉਂ ਦੀ ਤਿਉਂ ਹੈ। ਕਸਬੇ ਦੇ ਗੁਰਪ੍ਰੀਤ ਸਿੰਘ, ਹਾਕਮ ਸਿੰਘ, ਜਰਨੈਲ ਸਿੰਘ, ਗੁਰਮੇਲ ਸਿੰਘ ਤੇ ਮਹਿੰਦਰ ਸਿੰਘ ਨੇ ਇਸ ਸੜਕ ਨੂੰ ਮੁਕੰਮਲ ਕਰਨ ਦੀ ਮੰਗ ਕੀਤੀ ਹੈ।