ਜੋਗਾ: ਮਾਨਸਾ-ਬਰਨਾਲਾ ਮੁੱਖ ਮਾਰਗ ਸੜਕ ’ਤੇ ਤੂੜੀ ਨਾਲ ਭਰੀਆਂ ਟਰਾਲੀਆਂ ਅਕਸਰ ਹੀ ਆਉਂਦੀਆਂ-ਜਾਂਦੀਆਂ ਦਿਖਾਈ ਦਿੰਦੀਆਂ ਹਨ। ਜੋਗਾ, ਰੱਲਾ, ਅਕਲੀਆ ਤੋਂ ਸ਼ਹਿਰ ਰਾਮਪੁਰਾ-ਸ਼ਹਿਰ ਮੌੜ ਨੂੰ ਜਾਂਦੇ ਹੋਏ ਸੜਕਾਂ ਜ਼ਿਆਦਾ ਚੌੜੀਆਂ ਨਾ ਹੋਣ ਕਾਰਨ ਓਵਰਲੋਡ ਤੂੜੀ ਦੀਆਂ ਟਰਾਲੀਆਂ ਹੋਰ ਵਾਹਨਾਂ ਨੂੰ ਸਾਈਡ ਦੇਣ ਲੱਗੇ ਜਾਂ ਤਾਂ ਸੜਕਾਂ ਵਿਚਾਲੇ ਹੀ ਫਸ ਜਾਂਦੀਆਂ ਹਨ ਜਾਂ ਪਲਟ ਜਾਂਦੀਆਂ ਹਨ। ਇਸ ਕਾਰਨ ਆਵਾਜਾਈ ਬੰਦ ਹੋਣ ’ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਿਫਲੈਕਟਰ ਨਾ ਲੱਗੇ ਹੋਣ ਕਾਰਨ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਦੂਜੇ ਪਾਸੇ ਥਾਣਾ ਜੋਗਾ ਦੇ ਮੁਖੀ ਕਮਲਜੀਤ ਸਿੰਘ ਦਾ ਕਹਿਣਾ ਸੀ ਕਿ ਦਿਨ ਦਿਹਾੜੇ ਮੁੱਖ ਮਾਰਗ ਉਪਰ ਚੱਲ ਰਹੀਆਂ ਓਵਰਲੋਡ ਤੂੜੀ ਵਾਲੀਆਂ ਟਰਾਲੀਆਂ ਦੇ ਮਾਲਕਾਂ ਉਪਰ ਧਾਰਾ 283 ਅਧੀਨ ਕਾਰਵਾਈ ਕਰਨ ਜਾ ਰਹੇ ਹਾਂ। -ਪੱਤਰ ਪ੍ਰੇਰਕ