ਪੱਤਰ ਪ੍ਰੇਰਕ
ਬਾਘਾ ਪੁਰਾਣਾ, 24 ਅਕਤੂਬਰ
ਪਿਛਲੇ 10-12 ਸਾਲਾਂ ਤੋਂ ਸ਼ਹਿਰ ਅੰਦਰ ਪਾਏ ਜਾ ਰਹੇ ਸੀਵਰੇਜ ਦਾ ਕੰਮ ਅਜੇ ਤੱਕ ਅਧੂਰਾ ਪਿਆ ਹੋਣ ਕਰ ਕੇ ਲੋਕ ਪ੍ਰੇਸ਼ਾਨ ਹਨ ਕਿ ਸੀਵਰੇਜ ਬੋਰਡ ਵੱਲੋਂ ਆਏ ਦਿਨ ਹੀ ਕੋਈ ਨਾ ਕੋਈ ਸੜਕ ਪੁੱਟ ਦਿੱਤੀ ਜਾਂਦੀ ਹੈ। ਸਿਤਮ ਇਹ ਹੈ ਕਿ ਪੁੱਟੀਆਂ ਜਾਣ ਵਾਲੀਆਂ ਗਲੀਆਂ ਅਤੇ ਸੜਕਾਂ ਨੂੰ ਮੁੜ ਬਣਾਉਣ ਲਈ ਸੀਵਰੇਜ ਬੋਰਡ ਜਾਂ ਨਗਰ ਕੌਂਸਲ ਦੇ ਅਧਿਕਾਰੀ ਅਸਲੋਂ ਮੂੰਹ ਫੇਰ ਕੇ ਬੈਠ ਜਾਂਦੇ ਹਨ। ਸਥਾਨਕ ਸ਼ਹਿਰ ਦੀ ਪੁਰਾਣਾ ਪਤੀ, ਡਾਕਖਾਨੇ ਵਾਲੀ ਗਲੀ ਅਤੇ ਮਹੰਤਾਂ ਵਾਲਾ ਮੁਹੱਲਾ ਆਦਿ ਵਿਚ ਇਕ ਮਹੀਨਾ ਪਹਿਲਾਂ ਪਾਈਪਾਂ ਪਾਉਣ ਵਾਸਤੇ ਪੁੱਟ ਪੁਟਾਈ ਕੀਤੀ ਗਈ ਸੀ ਅਤੇ ਪਾਈਪਾਂ ਪਾਉਣ ਉਪਰੰਤ ਸੜਕਾਂ ਦੀ ਮੁਕੰਮਲ ਤੌਰ ’ਤੇ ਮੁਰੰਮਤ ਕਰਨ ਵਾਲਾ ਕੰਮ ਜਿਵੇਂ ਦਾ ਤਿਵੇਂ ਛੱਡ ਦਿੱਤਾ ਗਿਆ ਸੀ। ਪੁੱਟੀਆਂ ਗਈਆਂ ਇਨ੍ਹਾਂ ਸੜਕਾਂ ਤੋਂ ਵਾਹਨਾਂ ਦੇ ਲੰਘਣ ਸਮੇਂ ਪੱਥਰ ਬੁੜਕ-ਬੁੜਕ ਕੇ ਲੋਕਾਂ ਦੇ ਘਰਾਂ ਵਿਚ ਵੱਜਦੇ ਹਨ ਅਤੇ ਕਈ ਰਾਹਗੀਰ ਜ਼ਖ਼ਮੀ ਵੀ ਹੋਏ ਹਨ। ਦੋ ਪਹੀਆ ਵਾਹਨ ਤਾਂ ਇਨ੍ਹਾਂ ਗਲੀਆਂ ਵਿਚ ਅਕਸਰ ਹੀ ਡਿੱਗਦੇ ਵੇਖੇ ਜਾਂਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਸੜਕ ਦੀ ਮੁਰੰਮਤ ਬਿਨਾਂ ਦੇਰੀ ਕਰਵਾਈ ਜਾਵੇ। ਸਮਾਜ ਸੇਵੀ ਦਰਸ਼ਨਪਾਲ, ਤਰਸੇਮ ਅਤੇ ਜੋਗਿੰਦਰ ਸਿੰਘ (ਜਿੰਦੂ) ਆਦਿ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ਤੁਰੰਤ ਕਰਵਾਉਣਾ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ, ਜੋ ਉਨ੍ਹਾਂ ਨੂੰ ਪੂਰੀ ਕਰਨੀ ਚਾਹੀਦੀ ਹੈ
ਕੈਪਸ਼ਨ –
ਪੁਰਾਣੇ ਡਾਕਖਾਨੇ ਵਾਲੀ ਗਲੀ, ਜਿਸ ਨੂੰ ਸੀਵਰੇਜ ਬੋਰਡ ਨੇ ਪੁੱਟ ਕੇ ਅਧੂਰਾ ਛੱਡਿਆ। -ਫੋਟੋ: ਚਟਾਨੀ