ਪਰਮਜੀਤ ਸਿੰਘ
ਫਾਜ਼ਿਲਕਾ, 23 ਮਈ
ਫਾਜ਼ਿਲਕਾ ਦੇ ਮਲੋਟ ਰੋਡ ਤੋਂ ਕੈਂਟ ਰੋਡ ਤੱਕ ਅੱਧੀ ਅਧੂਰੀ ਬਣੀ ਸੜਕ ਦਾ ਕੰਮ ਪੂਰਾ ਕਰਵਾਉਣ ਦੀ ਮੰਗ ਲਈ ਅੱਜ ਡੇਰਾ ਸੱਚਾ ਸੌਦਾ ਕਲੋਨੀ ਦੇ ਵਾਸੀਆਂ ਤੇ ਹੋਰ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਹੱਲਾ ਵਾਸੀ ਰਾਜ ਕੁਮਾਰ, ਰਾਕੇਸ਼ ਕੁਮਾਰ ਸੇਤੀਆ, ਬੰਟੀ ਕੁਮਾਰ, ਸੁਰਿੰਦਰ ਕੁਮਾਰ, ਚਮੇਲੀ, ਸੰਤੋਸ਼ ਕੁਮਾਰ, ਸੋਨੀ ਤੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਪਹਿਲਾਂ ਲਗਪਗ 9 ਫੁੱਟ ਚੌੜੀ ਸੜਕ ਬਣੀ ਹੋਈ ਸੀ ਤੇ ਸੜਕ ਨੂੰ ਚੌੜਾ ਕਰਨ ਨੂੰ ਲੈ ਕੇ ਇਸ ਸੜਕ ਨੂੰ ਤੋੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਇਸ ਸੜਕ ’ਤੇ ਪੱਥਰ ਪਾ ਦਿੱਤਾ ਗਿਆ ਤੇ ਦੋ ਵਾਰ ਸੜਕ ਦੀ ਸਫ਼ਾਈ ਵੀ ਹੋ ਚੁੱਕੀ ਹੈ, ਪਰ ਲਗਪਗ 5 ਤੋਂ 6 ਮਹੀਨਿਆਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਇਸ ਸੜਕ ਨੂੰ ਬਣਾਉਣ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਜਿਸ ਕਾਰਨ ਮੁਹੱਲਾ ਵਾਸੀਆਂ ਅਤੇ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ, ਵਾਹਨ ਚਾਲਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਲੰਘ ਕੇ ਵੱਡੀ ਗਿਣਤੀ ’ਚ ਵਿਦਿਆਰਥੀ ਸਕੂਲਾਂ ਨੂੰ ਜਾਂਦੇ ਹਨ, ਪਰ ਸੜਕ ਅਧੂਰੀ ਬਣੀ ਹੋਣ ਕਾਰਨ ਵਿਦਿਆਰਥੀ ਡਿੱਗ ਕੇ ਜ਼ਖ਼ਮੀ ਹੋ ਜਾਂਦੇ ਹਨ। ਲੋਕਾਂਨੇ ਪੰਜਾਬ ਸਰਕਾਰ ਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੋਂ ਮੰਗ ਕੀਤੀ ਕਿ ਅਧੂਰੀ ਬਣੀ ਸੜਕ ਦੇ ਕੰਮ ਨੂੰ ਜਲਦੀ ਪੂਰਾ ਕਰਵਾਇਆ ਜਾਵੇ।