ਪਵਨ ਗੋਇਲ
ਭੁੱਚੋ ਮੰਡੀ, 6 ਜਨਵਰੀ
ਸਿਹਤ ਵਿਭਾਗ ਦੇ ਨਾਕਸ ਪ੍ਰਬੰਧਾਂ ਕਾਰਨ ਕਰੋਨਾ ਵੈਕਸੀਨ ਲਗਵਾਉਣ ਵਾਲੇ ਵਿਅਕਤੀਆਂ ਅਤੇ ਔਰਤਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਹੂਲਤਾਂ ਅਤੇ ਤਨਖਾਹਾਂ ਲੈਣ ਲਈ ਕਰੋਨਾ ਵੈਕਸੀਨ ਲਾਜ਼ਮੀ ਤਾਂ ਕਰ ਦਿੱਤੀ ਗਈ ਹੈ, ਪਰ ਮਲਟੀਪਰਪਜ਼ ਹੈਲਥ ਵਰਕਰਾਂ ਦੇ ਮੇਲ ਅਤੇ ਫੀਮੇਲ ਸਟਾਫ਼ ਸਮੇਤ ਐੱਨਐੱਚਐੱਮ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਨੇ ਕੋਈ ਠੋਸ ਪ੍ਰਬੰਧ ਨਹੀਂ ਕੀਤਾ। ਇਸ ਕਾਰਨ ਲੋਕਾਂ ਵਿੱਚ ਵੈਕਸੀਨ ਲਗਵਾਉਣ ਲਈ ਮਾਰੋਮਾਰ ਦੀ ਸਥਿਤੀ ਬਣੀ ਹੋਈ ਹੈ। ਇੱਥੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਲੋਕ ਪਹੁੰਚ ਗਏ ਅਤੇ ਜਲਦੀ ਟੀਕਾ ਲਗਵਾਉਣ ਦੇ ਚੱਕਰ ਵਿੱਚ ਇੱਕ ਦੂਜੇ ਸਮੇਤ ਮੈਡੀਕਲ ਸਟਾਫ਼ ਨਾਲ ਝਗੜਦੇ ਰਹੇ।
ਇਸ ਮੌਕੇ ਸ਼ਹਿਰ ਵਾਸੀਆਂ ਨੇ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਸੀਐੱਚਸੀ ਤੋਂ ਇਲਾਵਾ ਪਿੰਡਾਂ ਵਿੱਚ ਵੀ ਕਰੋਨਾ ਵੈਕਸੀਨ ਲਾਉਣ ਦੇ ਪ੍ਰਬੰਧ ਕੀਤੇ ਜਾਣ।
ਵੈਕਸੀਨ ਨਾ ਲੱਗਣ ’ਤੇ ਲੋਕਾਂ ਵੱਲੋਂ ਨਾਅਰੇਬਾਜ਼ੀ
ਧਨੌਲਾ (ਪੁਨੀਤ ਮੈਨਨ): ਕਰੋਨਾ ਵੈਕਸੀਨ ਲਗਵਾਉਣ ਲਈ ਹਸਪਤਾਲਾਂ ਵਿੱਚ ਲੋਕਾਂ ਦੀ ਭੀੜ ਹੁਣ ਵਧਣ ਲੱਗੀ ਹੈ। ਸਰਕਾਰੀ ਹਸਪਤਾਲ ਧਨੌਲਾ ਵਿੱਚ ਵੈਕਸੀਨ ਲਗਵਾਉਣ ਆਏ ਲੋਕਾਂ ਨੇ ਟੀਕੇ ਨਾ ਲਾਏ ਜਾਣ ’ਤੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਰੋਸ ਜ਼ਾਹਰ ਕੀਤਾ। ਇਸ ਮੌਕੇ ਬਿੰਦਰ ਕੁਮਾਰ, ਲਖਵੀਰ ਸਿੰਘ, ਚਤਰ ਸਿੰਘ, ਹਰਦੀਪ ਕੌਰ ਤੇ ਜਸਮੇਲ ਕੌਰ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਨਾਈਟ ਕਰਫ਼ਿਊ ਤੇ ਸਕੂਲ-ਕਾਲਜ ਬੰਦ ਕਰਨ ਦੇ ਹੁਕਮ ਕਰਦਿਆਂ 15 ਤਰੀਕ ਤੋਂ ਪਹਿਲਾਂ ਡੋਜ਼ ਲਗਵਾਉਣ ਲਈ ਕਹਿ ਰਹੀ ਹੈ ਪਰ ਇੱਥੇ ਸਟਾਫ਼ ਨਾ ਹੋਣ ਕਾਰਨ ਉਨ੍ਹਾਂ ਨੂੰ ਟੀਕਾ ਲਗਵਾਏ ਬਿਨਾਂ ਵਾਪਸ ਮੁੜਨਾ ਪੈ ਰਿਹਾ ਹੈ। ਰਵੀ ਸਿੰਘ, ਕਮਲਜੀਤ ਕੌਰ ਤੇ ਦਲਜੀਤ ਕੌਰ ਨੇ ਕਿਹਾ ਕਿ ਜੇਕਰ ਸਮੇਂ ਸਿਰ ਟੀਕਾ ਨਹੀਂ ਲੱਗਦਾ ਤਾਂ ਸਰਕਾਰੀ ਨੁਮਾਇੰਦਿਆਂ ਨੂੰ ਇਸਦੇ ਚਲਾਨ ਕੱਟਣ ਦਾ ਵੀ ਕੋਈ ਹੱਕ ਨਹੀਂ ਹੈ। ਲੋਕਾਂ ਨੇ ਪੰਜਾਬ ਸਰਕਾਰ ਨੂੰ ਸਟਾਫ਼ ਦਾ ਪ੍ਰਬੰਧ ਕਰਨ ਦੀ ਅਪੀਲ ਕਰਦਿਆਂ ਮਸਲੇ ਦਾ ਹੱਲ ਕਰਨ ਲਈ ਆਖਿਆ। ਐਸਐੱਮਓ ਸਤਵੰਤ ਔਜਲਾ ਨੇ ਕਿਹਾ ਕਿ ਹੜਤਾਲ ਕਾਰਨ ਸਟਾਫ਼ ਦੀ ਕਮੀ ਹੈ ਤੇ ਮੌਜੂਦ ਸਟਾਫ਼ ਵੱਖ-ਵੱਖ ਪਿੰਡਾਂ ਵਿੱਚ ਕਰੋਨਾ ਵੈਕਸੀਨ ਲਗਾਉਣ ਲਈ ਜਾਂਦਾ ਹੈ ਜਿਸ ਕਾਰਨ ਦਿੱਕਤ ਆ ਰਹੀ ਹੈ।
15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ
ਜਲਾਲਾਬਾਦ: ਇੱਥੇ ਸਿਵਲ ਹਸਪਤਾਲ ’ਚ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਟੀਕਾ ਲੱਗਣਾ ਸ਼ੁਰੂ ਹੋ ਗਿਆ ਹੈ। ਇਸ ਕੜੀ ਤਹਿਤ ਸਿਵਲ ਹਸਪਤਾਲ ਜਲਾਲਾਬਾਦ ’ਚ ਅੱਜ 8 ਬੱਚਿਆਂ ਨੂੰ ਵੈਕਸੀਨ ਲਾਈ ਗਈ। ਇਸ ਮੌਕੇ ਇੰਚਾਰਜ ਮਨਦੀਪ ਕੌਰ ਨੇ ਦੱਸਿਆ ਕਿ ਅੱਜ ਕਰੋਨਾ ਤੋਂ ਬਚਾਅ ਲਈ ਕੁੱਲ 8 ਬੱਚਿਆਂ ਨੂੰ ਵੈਕਸੀਨ ਲਾਈ ਗਈ ਹੈ। ਇਸ ਤੋਂ ਇਲਾਵਾ 50 ਹੋਰਨਾਂ ਨੂੰ ਕੋਵੈਕਸੀਨ ਅਤੇ 117 ਲੋਕਾਂ ਨੂੰ ਕੋਵੀਸ਼ੀਲਡ ਵੈਕਸੀਨ ਲਾਈ ਗਈ ਹੈ। -ਨਿੱਜੀ ਪੱਤਰ ਪ੍ਰੇਰਕ