ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 7 ਸਤੰਬਰ
ਇੱਥੇ ਸਥਿਤ ਪੰਜਾਬ ਨੈਸ਼ਨਲ ਬੈਂਕ ਸਬੰਧਤ ਸ਼ਾਖ਼ਾ ਦੇ ਮੁਲਾਜ਼ਮਾਂ ਵੱਲੋਂ ਮਾੜੇ ਪ੍ਰਬੰਧਾਂ ਤੋਂ ਦੁਖੀ ਖਪਤਕਾਰਾਂ ਵੱਲੋਂ ਭਾਰਤੀ ਕਿਸਾਨ ਯੂੂਨੀਅਨ ਏਕਤਾ ਉਗਰਾਹਾ ਦੇ ਆਗੂਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਦਾਗਰ ਸਿੰਘ ਖਾਈ ਤੇ ਬਲਾਕ ਸਕੱਤਰ ਸੁਦਾਗਰ ਸਿੰਘ ਖਾਈ ਦੀ ਅਗਵਾਈ ਹੇਠ ਬੈਂਕ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੱਸ ਸਟੈਂਡ ਨੇੜਲੀ ਇਸ ਬੈਂਕ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਜਨਰਲ ਸਕੱਤਰ ਬੂਟਾ ਸਿੰਘ ਭਾਗੀਕੇ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਦਾਗਰ ਸਿੰਘ ਖਾਈ ਨੇੇ ਕਿਹਾ ਕਿ ਬੈਂਕ ਦੇੇ ਸਟਾਫ਼ ਵੱਲੋਂ ਕੋਵਿਡ-19 ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਨਾਮ ’ਤੇ ਜਾਣ-ਬੁੱਝ ਕੇ ਹਲਕੇ ਦੇ ਖ਼ਪਤਕਾਰਾਂ ਅਤੇ ਕਿਸਾਨਾਂ ਨੂੰ ਬਾਹਰ ਧੁੱਪੇ ਖੜਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਉੱਥੇ ਬੈਂਕ ਅੰਦਰ ਵੀ ਮੁਲਾਜ਼ਮਾਂ ਵੱਲੋਂ ਸਹੀ ਤਰੀਕੇ ਨਾਲ ਖ਼ਪਤਕਾਰਾਂ ਨਾਲ ਪੇਸ਼ ਨਹੀਂ ਆਇਆ ਜਾ ਰਿਹਾ। ਇਸ ਮੌਕੇ ਕਿਸਾਨ ਆਗੂ ਗੁਰਚਰਨ ਸਿੰਘ ਦੀਨਾ ਸਾਹਿਬ, ਗੁਰਲਾਲ ਸਿੰਘ ਪੱਖਰਵੱਡ, ਗੁਰਦੀਪ ਸਿੰਘ ਰੌਂਤਾ, ਬਲਵੀਰ ਸਿੰਘ ਪੱਤੋਂ, ਗੁਰਪ੍ਰੀਤ ਸਿੰਘ ਰਣਸੀਂਹ, ਜਗਜੀਤ ਸਿੰਘ ਬੱਧਨੀ ਕਲਾਂ ਅਤੇ ਨਿਰੰਜਣ ਸਿੰਘ ਬੱਧਨੀ ਕਲਾਂ ਹਾਜ਼ਰ ਸਨ। ਬੈਂਕ ਅਧਿਕਾਰੀਆਂ ਨੇ ਕਿਸਾਨਾਂ ਦੀਆਂ ਸਹੀ ਜਾਇਜ਼ ਮੰਗਾਂ ਮੰਨ ਲਈਆਂ ਅਤੇ ਵਾਜਬਿ ਪ੍ਰਬੰਧ ਕਰਨ ਦਾ ਭਰੋਸਾ ਲੈਣ ਮਗਰੋਂ ਧਰਨਾ ਖ਼ਤਮ ਕੀਤਾ ਗਿਆ।