ਨਿੱਜੀ ਪੱਤਰ ਪ੍ਰੇਰਕ
ਮਾਨਸਾ, 25 ਫਰਵਰੀ
ਪੰਜਾਬ ਸਰਕਾਰ ਵੱਲੋਂ ਪਹਿਲੀ ਮਾਰਚ ਤੋਂ ਪੰਜਾਬ ਭਰ ’ਚ ਲਈ ਲਗਾਈਆਂ ਜਾ ਰਹੀਆਂ ਕਰੋਨਾ ਪਾਬੰਦੀਆਂ ਨੂੰ ਪੰਜਾਬ ਦੇ ਲੋਕ ਸ਼ੱਕ ਦੀ ਨਜ਼ਰਾਂ ਨਾਲ ਵੇਖਣ ਲੱਗ ਪਏ ਹਨ। ਕੇਂਦਰ ਸਰਕਾਰ ਦੀ ਤਰਜ਼ ’ਤੇ ਪੰਜਾਬ ਸਰਕਾਰ ਵੱਲੋਂ ਅਚਾਨਕ ਹੀ ਜਨਤਕ ਇਕੱਠਾਂ ਦੀ ਗਿਣਤੀ ਸੀਮਿਤ ਕਰਨ ਦੇ ਦਿੱਤੇ ਹੁਕਮਾਂ ਰਾਜਨੀਤਿਕ ਪੱਤਾ ਦੱਸ ਰਹੇ ਹਨ। ਪਿੰਡ ਬਚਾਓ ਪੰਜਾਬ ਬਚਾਓ ਮੁਹਿੰਮ ਨਾਲ ਜੁੜੇ ਡਾਕਟਰ ਬਿੱਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਅਸਲ ’ਚ ਇਹ ਪਾਬੰਦੀਆਂ ਦੇਸ਼ ਵਿਆਪੀ ਬਣ ਚੁੱਕੇ ਕਿਸਾਨੀ ਸੰਘਰਸ਼ ਨੂੰ ਦਬਾਉਂਣ ਦਾ ਅੰਤਲਾ ਹਥਿਆਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹਰ ਕੋਸ਼ਿਸ਼ ਕਰ ਲਈ ਹੈ ਪਰ ਗੱਲ ਨਹੀਂ ਬਣੀ। ਹੁਣ ਕਰੋਨਾ ਦੇ ਕੰਧਾੜੇ ਚੜ੍ਹ ਪਾਬੰਦੀਆਂ ਲਾ ਜਨਤਕ ਇਕੱਠ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ। ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਲੋਕ ਜਾਗ ਚੁੱਕੇ ਹਨ ਇਸ ਲਈ ਸਰਕਾਰ ਆਪਣੇ ਮਨਸੂਬਿਆਂ ’ਚ ਕਦੇ ਵੀ ਕਾਮਯਾਬ ਨਹੀਂ ਹੋ ਕਦੀ। ਗੌਰਮਿਟ ਟੀਚਰ ਯੂਨੀਅਨ ਦੇ ਨਰਿੰਦਰ ਸਿੰਘ ਮਾਖਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਸਿੱਖਿਆ ਦਾ ਨਾਸ਼ ਕਰ ਦੇਣਗੀਆਂ।