ਪੱਤਰ ਪ੍ਰੇਰਕ
ਅਬੋਹਰ, 12 ਜੁਲਾਈ
ਪ੍ਰਧਾਨ ਮੰਤਰੀ ਅੰਨ ਯੋਜਨਾ ਤਹਿਤ ਡਿਪੂਆਂ ’ਤੇ ਕਣਕ ਨਾ ਮਿਲਣ ਦੇ ਰੋਸ ਵਜੋਂ ਨੀਲੇ ਕਾਰਡ ਧਾਰਕਾਂ ਨੇ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ। ਇਸ ਮੌਕੇ ਪੁੱਜੇ ਲਾਭਪਾਤਰੀਆਂ ਸੰਤੋਸ਼ ਰਾਣੀ, ਬਲਵਿੰਦਰ ਸਿੰਘ, ਅਸ਼ੋਕ ਕੁਮਾਰ, ਸੰਤੋ ਦੇਵੀ, ਕ੍ਰਿਸ਼ਨਾ ਬਾਈ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅੰਨ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਕਣਕ ਵੰਡਣ ਤੋਂ ਡਿਪੂ ਹੋਲਡਰ ਭੱਜ ਰਹੇ ਹਨ, ਇੱਥੇ ਹੀ ਬੱਸ ਨਹੀਂ ਆਪਣੇ ਚਹੇਤਿਆਂ ਨੂੰ ਚੋਰੀ ਛਿਪੇ ਕਣਕ ਦੇ ਦਿੱਤੀ ਜਾਂਦੀ ਹੈ। ਪਰ ਉਹ ਗੇੜੇ ਮਾਰ ਮਾਰ ਕੇ ਥੱਕ ਚੁੱਕੇ ਹਨ, ਉਨ੍ਹਾਂ ਨੂੰ ਕਣਕ ਵੰਡੀ ਨਹੀਂ ਜਾ ਰਹੀ। ਉਥੇ ਹੀ ਡਿਪੂ ਹੋਲਡਰ ਆਪਣਾ ਪੱਖ ਰਖਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ 11 ਫੀਸਦੀ ਘੱਟ ਕਣਕ ਦਿੱਤੀ ਜਾ ਰਹੀ ਹੈ, ਜਿੰਨਾ ਕੋਟਾ ਉਨ੍ਹਾਂ ਕੋਲ ਆਇਆ ਸੀ ਉਹ ਵੰਡ ਚੁੱਕੇ ਹਨ, ਹੁਣ ਉਹ ਕਣਕ ਕਿੱਥੋਂ ਲਿਆ ਕੇ ਵੰਡਣ। ਉਲਟਾ ਸਰਕਾਰ ਨੇ ਸਾਡੇ ਗੱਲ ਲੜਾਈ ਪਵਾ ਦਿੱਤੀ ਹੈ ਅਤੇ ਲਾਭਪਾਤਰੀ ਸਾਡੇ ਕੱਪੜੇ ਪਾੜਨ ਤੱਕ ਜਾਂਦੇ ਹਨ, ਕਟੌਤੀ ਸਰਕਾਰ ਨੇ ਕੀਤੀ ਹੈ ਅਤੇ ਇਸ ਦਾ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ ਹੈ ਅਤੇ ਅਸੀਂ ਕੁੱਟਮਾਰ ਦਾ ਸ਼ਿਕਾਰ ਹੋ ਰਹੇ ਹਾਂ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਇਸ ਬਾਰੇ ਸਾਰੀਆਂ ਲਿਸਟਾਂ ਬਣਾ ਕੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਚੁੱਕੇ ਹਾਂ ਕਿ ਸਾਡਾ ਹੱਲ ਕੀਤਾ ਜਾਵੇ। ਇਸ ਸਬੰਧੀ ਡਿਪੂ ਹੋਲਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਢੂਡੀ ਨੇ ਦੱਸਿਆ ਕਿ ਸਰਕਾਰ ਡਿਪੂ ਹੋਲਡਰਾਂ ਨੂੂੰ ਬਲੀ ਦਾ ਬੱਕਰਾ ਬਣਾ ਰਹੀ ਹੈ। ਉਹ ਸਰਕਾਰ ਨੂੰ ਸਾਰੀ ਸਮੱਸਿਆ ਦੱਸ ਚੁੱਕੇ ਹਨ, ਪਰ ਸਰਕਾਰ ਹੱਲ ਕਰਨ ਦੀ ਬਜਾਏ ਉਨ੍ਹਾਂ ਦੀ ਲੜਾਈ ਪਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੂਚੀਆਂ ਨੂੰ ਲੈ ਕੇ ਹੁਣ ਉਹ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਕਰਨਗੇ। ਇੱਥੇ ਹੀ ਬੱਸ ਨਹੀਂ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਣਦਾ ਕਮਿਸ਼ਨ ਵੀ ਨਹੀਂ ਦਿੱਤਾ ਜਾ ਰਿਹਾ। ਉਧਰ ਡੀਏਐਫਐਸਓ ਵਿਕਾਸ ਬੱਤਰਾ ਨੇ ਕਿਹਾ ਕਿ ਲੋਕ ਹੌਸਲਾ ਰੱਖਣ ਅਤੇ ਆਪਣੇ ਸਬੰਧਤ ਡਿਪੂ ਤੋਂ ਕਣਕ ਲੈਣ। ਸਾਰੇ ਕਾਰਡ ਧਾਰਕਾਂ ਨੂੰ ਕਣਕ ਮਿਲੇਗੀ।