ਪਰਸ਼ੋਤਮ ਬੱਲੀ
ਬਰਨਾਲਾ, 30 ਨਵੰਬਰ
ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਜਾਰੀ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਲੰਘੇ 2 ਮਹੀਨਿਆਂ ਤੋਂ ਠੰਢ ਦੇ ਬਾਵਜੂਦ ਕਿਸਾਨ ਮਰਦ, ਔਰਤਾਂ ਤੇ ਬੱਚੇ-ਬੱਚੀਆਂ ਲਗਾਤਾਰ ਡਟੇ ਹੋਏ ਹੋਏ ਹਨ। ਅੱਜ ਇੱਥੇ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਇਨਕਲਾਬੀ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਮਨਪ੍ਰੀਤ ਕੌਰ ,ਬੇਟੀ ਮਹਿਕਦੀਪ, ਗੁਰਚਰਨ ਸਿੰਘ, ਕਰਨੈਲ ਸਿੰਘ ਗਾਂਧੀ, ਗੁਰਮੇਲ ਸ਼ਰਮਾ, ਮਾ. ਨਿਰੰਜਣ ਸਿੰਘ, ਉਜਾਗਰ ਸਿੰਘ ਬੀਹਲਾ ਨੇ ਕਿਹਾ ਕਿ ਮੌਜੂਦਾ ਦੌਰ ‘ਚ ਦਿੱਲੀ ਦੇ ਬਾਰਡਰ ‘ਤੇ ਅੱਜ ਨਾਬਰਾਬਰੀਆਂ ਖ਼ਿਲਾਫ਼ ਐਲਾਨ-ਏ-ਜੰਗ ਦੇ ਬਿਗਲ ਵੱਜ ਰਹੇ ਹਨ। ਸੰਘਰਸ਼ਸ਼ੀਲ ਕਾਫਲੇ ਨਵਾਂ ਇਤਿਹਾਸ ਸਿਰਜਣਗੇ। ਮੋਦੀ ਹਕੂਮਤ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ। ਇਸ ਮੌਕੇ ਡਾ. ਬਿੱਲੂ ਰਾਏਸਰ, ਨੀਲਕਮਲ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਪ੍ਰਸੰਗਕ ਗੀਤ/ਕਵਿਤਾਵਾਂ ਪੇਸ਼ ਕੀਤੀਆਂ। ਇਸੇ ਤਰ੍ਹਾਂ ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪੈਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜ਼ਾ ਮਹਿਲ ਕਲਾਂ ਵਿੱਚ ਚੱਲ ਰਹੇ ਧਰਨਿਆਂ ਦੌਰਾਨ ਮਲਕੀਤ ਸਿੰਘ ਈਨਾ, ਭਾਗ ਸਿੰਘ ਕੁਰੜ, ਮੇਜਰ ਸਿੰਘ ਸੰਘੇੜਾ ਨੇ ਸੰਬੋਧਨ ਕੀਤਾ।
ਬਣਾਂਵਾਲਾ ਥਰਮਲ ਪਲਾਂਟ ਅੱਗੇ ਧਰਨਾ ਜਾਰੀ
ਮਾਨਸਾ (ਜੋਗਿੰਦਰ ਸਿੰਘ ਮਾਨ) :ਬੇਸ਼ੱਕ ਕਿਸਾਨ ਜਥੇਬੰਦੀਆਂ ਦਿੱਲੀ ਦਾ ਮੂੰਹ ਮੋੜਨ ਲਈ ਰਾਜਧਾਨੀ ਨੇੜੇ ਡਟੀਆਂ ਹੋਈਆਂ ਹਨ, ਪਰ ਇਸ ਦੇ ਬਾਵਜੂਦ ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਇਸ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਧਰਨਾ ਲਗਾਤਾਰ ਦੋ ਮਹੀਨਿਆਂ ਤੋਂ ਜਾਰੀ ਹੈ। ਜਥੇਬੰਦੀ ਨੇ ਇਹ ਧਰਨਾ ਪਹਿਲੀ ਅਕਤੂਬਰ ਤੋਂ ਆਰੰਭ ਕੀਤਾ ਸੀ, ਜੋ ਅੱਜ ਤੱਕ ਲਗਾਤਾਰ ਜਾਰੀ ਹੈ। ਬਾਬੇ ਨਾਨਕ ਦੇ ਜਨਮ ਦਿਹਾੜੇ ਉਪਰ ਅੱਜ ਜਥੇਬੰਦੀ ਵੱਲੋਂ ਤਾਪ ਘਰ ਸਾਹਮਣੇ ਦਿੱਤੇ ਗਏ ਧਰਨੇ ਦੌਰਾਨ ਮਾਈਆਂ ਨੇ ਗੁਰੂ ਘਰਾਂ ਵਿੱਚ ਮੱਥਾ ਟੇਕਣ ਤੋਂ ਤੁਰੰਤ ਬਾਅਦ ਇਸ ਧਰਨੇ ਵਿਚ ਹਾਜ਼ਰੀ ਲਵਾਈ ਅਤੇ ਕਿਸਾਨ ਆਗੂਆਂ ਦੀਆਂ ਤਕਰੀਰਾਂ ਸੁਣ ਕੇ ਸੰਘਰਸ਼ ਵਿੱਚ ਹੋਰ ਨਿੱਤਰ ਕੇ ਸਾਹਮਣੇ ਆਉਣ ਦਾ ਪ੍ਰਣ ਕੀਤਾ। ਇਸ ਮੌਕੇ ਧਰਨਾਕਾਰੀਆਂ ਨੂੰ ਜਥੇਬੰਦੀ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਝੱਬਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਥਰਮਲ ਪਲਾਂਟ ਲਗਾਉਣ ਵਾਲੀਆਂ ਕੰਪਨੀਆਂ ਨਾਲ ਹੋਏ ਸਰਕਾਰੀ ਸਮਝੌਤੇ ਰੱਦ ਕੀਤੇ ਜਾਣ, ਸਾਰੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਸਰਕਾਰ ਆਪਣੇ ਹੱਥ ਵਿੱਚ ਲਵੇ ।
ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ
ਮਹਿਲ ਕਲਾਂ (ਨਵਕਿਰਨ ਸਿੰਘ): ਇੱਥੇ ਅੱਜ ਮਹਿਲ ਕਲਾਂ ਦੇ ਪੱਕੇ ਮੋਰਚੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕਿਸਾਨ ਜਥੇਬੰਦੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਕਿਸਾਨਾਂ ਦੇ ਦਿੱਲੀ ਮੋਰਚੇ ਵਿੱਚ ਹੋਣ ਦੇ ਬਾਵਜੂਦ ਇੱਥੇ ਪੱਕੇ ਮੋਰਚੇ ਵਿੱਚ ਕਿਸਾਨਾਂ ਦੀ ਗਿਣਤੀ ਨਹੀਂ ਘੱਟ ਰਹੀ। ਅੱਜ ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਮਹਿਲ ਕਲਾਂ,ਡੀਟੀਐਫ ਦੇ ਆਗੂ ਮਾਸਟਰ ਬਲਜਿੰਦਰ ਪ੍ਰਭੂ,ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਠੁੱਲੀਵਾਲ,ਪੰਜਾਬ ਨੰਬਰਦਾਰ ਯੂਨੀਅਨ ਦੇ ਆਗੂ ਗੁਰਮੇਲ ਸਿੰਘ ਮਹਿਲ ਕਲਾਂ,ਮਾਸਟਰ ਪਿਸ਼ੌਰਾ ਸਿੰਘ ਹਮੀਦੀ,ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਅਨੇਕਾ ਰੋਕਾਂ ਲਗਾਈਆਂ ਪਰ ਦਿੱਲੀ ਪਹੁੰਚ ਕੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦਾ ਗਰੂਰ ਤੋੜ ਦਿੱਤਾ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਕੇਸ ਵਾਪਸ ਲੈਣ ਦੀ ਮੰਗ ਕੀਤੀ।