ਸੀ. ਮਾਰਕੰਡਾ
ਤਪਾ ਮੰਡੀ, 18 ਜੂਨ
ਇੱਥੇ ਅੱਜ ਗੀਤਾ ਭਵਨ ਰੋਡ ਉਪਰ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਤੋਂ ਤੰਗ ਆਏ ਲੋਕਾਂ ਨੇ ਨਗਰ ਕੌਂਸਲ ਖਿਲਾਫ਼ ਰੋਸ ਭਰਿਆ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ। ਨੰਬਰਦਾਰ ਗੁਰਚਰਨ ਸਿੰਘ, ਕੁਲਵੰਤ ਸਿੰਘ ਧਾਲੀਵਾਲ, ਮਹੰਤ ਗੋਰਾ ਦਾਸ ਅਤੇ ਗੋਗੀ ਗਿੱਲ ਨੇ ਦੱਸਿਆ ਕਿ ਗੰਦੇ ਪਾਣੀ ’ਚੋਂ ਬਦਬੂ ਮਾਰ ਰਹੀ ਹੈ। ਲਾਗਲੇ ਘਰਾਂ ਦੇ ਵਾਸੀਆਂ ਦਾ ਰਹਿਣਾ ਦੁੱਭਰ ਹੋਇਆ ਪਿਆ ਹੈ। ਇਸ ਸੜਕ ’ਤੇ ਸਥਿਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਕਰੋਨਾਵਾਇਰਸ ਨਾਲ ਜੂਝਦਿਆਂ ਸਾਡਾ ਕਾਰੋਬਾਰ ਠੱਪ ਰਿਹਾ ਤੇ ਹੁਣ ਕਈ ਦਿਨਾਂ ਤੋਂ ਗੰਦੇ ਪਾਣੀ ਨੇ ਲੋਕਾਂ ਦੀ ਆਵਾਜਾਈ ਵਿਚ ਵਿਘਨ ਪਾ ਛੱਡਿਆ ਹੈ। ਇਸ ਕਾਰਨ ਗਾਹਕਾਂ ਦਾ ਦੁਕਾਨਾਂ ਤੱਕ ਆਉਣਾ ਮੁਸ਼ਕਲ ਹੋਇਆ ਪਿਆ ਹੈ। ਸੜਕ ’ਤੇ ਖੜ੍ਹੇ ਪਾਣੀ ਦੀ ਦਿੱਕਤ ਕਰਕੇ ਗੀਤਾ ਭਵਨ ਦੇ ਸ਼ਰਧਾਲੂਆਂ ਨੂੰ ਵੀ ਆਉਣ-ਜਾਣ ਵਿੱਚ ਪ੍ਰੇਸ਼ਾਨੀ ਆਉਂਦੀ ਹੈ। ਪ੍ਰਦਰਸ਼ਨਕਾਰੀਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਲਦ ਤੋਂ ਜਲਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਕਿਸੇ ਵੀ ਇੱਥੇ ਬਿਮਾਰੀ ਫੈਲ ਸਕਦੀ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਪ੍ਰੀਤ ਨੇ ਕਿਹਾ ਕਿ ਸੀਵਰੇਜ ਦੀ ਸਫ਼ਾਈ ਲਈ ਮਸ਼ੀਨ ਆ ਗਈ ਹੈ। ਗੰਦੇ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਜਲਦੀ ਹੀ ਕਰ ਦਿੱਤਾ ਜਾਵੇਗਾ।
ਦੋ ਮਹੀਨਿਆਂ ਤੋਂ ਨਹੀਂ ਮਿਲ ਰਿਹਾ ਪਾਣੀ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਫੈਲਕਾਂ ਦੇ ਲੋਕਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਪੀਣ ਦਾ ਪਾਣੀ ਨਹੀਂ ਮਿਲ ਰਿਹਾ ਹੈ। ਲੋਕਾਂ ਨੇ ਪੀਣ ਦਾ ਪਾਣੀ ਮੁਹੱਈਆ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਅੱਜ ਪਬਲਿਕ ਹੈਲਥ ਦੇ ਅਧਿਕਾਰੀਆਂ ਅੱਗੇ ਆਪਣਾ ਦੁੱਖੜਾ ਰੋਇਆ। ਪਬਲਿਕ ਹੈਲਥ ਦੇ ਦਫ਼ਤਰ ਐੱਸਡੀਓ ਨੂੰ ਮਿਲਣ ਆਏ ਪਿੰਡ ਦੇ ਖੇਮ ਚੰਦ ਕੁਲੜੀਆ, ਪ੍ਰੇਮ, ਓਮ ਪ੍ਰਕਾਸ਼, ਜਗਦੀਸ਼ ਭਾਟ ਨੇ ਦੱਸਿਆ ਹੈ ਕਿ ਪਿੰਡ ’ਚ ਪਿਛਲੇ ਦੋ ਮਹੀਨਿਆਂ ਤੋਂ ਪੀਣ ਦੇ ਪਾਣੀ ਦੀ ਵੱਡੀ ਸਮੱਸਿਆ ਆ ਖੜ੍ਹੀ ਹੋਈ ਹੈ। ਊਨ੍ਹਾਂ ਦੱਸਿਆ ਕਿ ਪਾਈਪ ਲਾਈਨ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਐਸਡੀਓ ਨੇ ਪਿੰਡ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਸਮੱਸਿਆ ਜਲਦ ਦੂਰ ਕੀਤੀ ਜਾਵੇਗੀ।