ਪਰਸ਼ੋਤਮ ਬੱਲੀ
ਬਰਨਾਲਾ, 20 ਜੂਨ
ਕਾਂਗਰਸ ਦੇ ਕੌਮੀ ਖਜ਼ਾਨਚੀ ਤੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਸੰਗਰੂਰ ਲੋਕ ਸਭਾ ਹਲਕਾ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿਚ ਪ੍ਰਚਾਰ ਲਈ ਅੱਜ ਬਰਨਾਲਾ ਪੁੱਜੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਨੂੰ ‘ਇੱਕ ਵਾਰ’ ਲਈ ਦਿੱਤਾ ਮੌਕਾ ਸੂਬੇ ਦੇ ਲੋਕਾਂ ਲਈ ਭਾਰੀ ਪੈ ਰਿਹਾ ਹੈ। ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਭਾਰੀ ਬਹੁਮਤ ਨਾਲ ਜਿੱਤੀ ਕਿਸੇ ਪਾਰਟੀ ਦੀ ਸਰਕਾਰ ਦਾ ਪਹਿਲੇ ਤਿੰਨ ਮਹੀਨਿਆਂ ਅੰਦਰ ਹੀ ਐਨੀ ਤੇਜ਼ੀ ਨਾਲ ਲੋਕਾਂ ਦਾ ਮੋਹ ਭੰਗ ਹੋਇਆ ਹੋਵੇ।
ਇਸੇ ਤਰ੍ਹਾਂ ਉਨ੍ਹਾਂ ਭਾਜਪਾ ਦੀ ਕੇਂਦਰੀ ਹਕੂਮਤ ਬਾਰੇ ਕਿਹਾ ਕਿ ਭਾਜਪਾ ਦਾ ਬਹੁਤਮਤਵਾਦ ਤੇ ਬਹੁਲਤਾਵਾਦ ਲੋਕਾਂ ’ਚ ਦਰਾੜ ਪੈਦਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਲੋਕਾਂ ਦੀ ਅੱਖੀਂ ਘੱਟਾ ਪਾਉਣ ਹਿੱਤ ‘ਅਗਨੀਪਥ’ ਸਕੀਮ ਲੈ ਕੇ ਆਏ ਹਨ। ਇਸ ਵਿੱਚ ਫ਼ੌਜ ਦੇ ਮੁਖੀਆਂ ਦੀ ਵਰਤੋਂ ਤੋਂ ਗੁਰੇਜ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਲੋਕ ਭਾਜਪਾ ਨੂੰ ਨਾਕਾਰਕੇ ਤੋਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਤਾਂ ਲੋਕ ਪਹਿਲਾਂ ਹੀ ਮਨੋ ਵਿਸਾਰ ਚੁੱਕੇ ਹਨ।
ਕਾਂਗਰਸ ਦੀ ਅੰਦਰੂਨੀ ਫੁੱਟ ਬਾਰੇ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਾਂਗਰਸ ਪਾਰਟੀ ਦੀ ਵਿਚਾਰਧਾਰਾ/ਫ਼ਲਸਫ਼ੇ ਦੀ ਬਜਾਇ ਨਿੱਜੀ ਮੁਫ਼ਾਦਾਂ ਨਾਲ ਜੁੜੇ ਸਨ, ਉਨ੍ਹਾਂ ਦਾ ਨਿਤਾਰਾ/ਨਿਖੇੜਾ ਹੋ ਰਿਹਾ ਹੈ। ਇਸ ਨਾਲ ਕਾਂਗਰਸ ਦਾ ਨੁਕਸਾਨ ਨਹੀਂ ਸਗੋਂ ਨਿਖ਼ਾਰ ਹੀ ਹੋਵੇਗਾ। ਨੈਸ਼ਨਲ ਹੈਰਲਡ ਮਾਮਲੇ ਬਾਰੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਕਿਹਾ ਕਿ ਭਾਜਪਾ ਵੱਲੋਂ ਸਿਆਸੀ ਕਿੜ ਕੱਢਣ ਲਈ ਸੱਤਾ ਦੀ ਸ਼ਹਿ ’ਤੇ ਪੈਦਾ ਕੀਤਾ ਵਕਤੀ ‘ਉਲਝਾਅ’ ਹੈ। ਉਨ੍ਹਾਂ ਪਾਰਟੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਲਈ ਵੋਟਾਂ ਦੀ ਲੋਕਾਂ ਤੋਂ ਮੰਗ ਕਰਦਿਆਂ ਜਿੱਤ ਦਾ ਵੀ ਦਾਅਵਾ ਕੀਤਾ।
ਇਸ ਮੌਕੇ ਨਗਰ ਸੁਧਾਰ ਟਰਸੱਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ, ਅਮਰਜੀਤ ਸਿੰਘ ਸੂਚ, ਮਹੇਸ਼ ਲੋਟਾ, ਅਨਿਲ ਨਾਣਾ ਆਦਿ ਵੀ ਹਾਜ਼ਰ ਸਨ।