ਜਸਵੰਤ ਜੱਸ
ਫਰੀਦਕੋਟ, 27 ਦਸੰਬਰ
ਪਿੰਡਾਂ ਤੇ ਸ਼ਹਿਰਾਂ ਵਿੱਚ ਕਿਸਾਨਾਂ ਤੇ ਹੋਰ ਵਰਗਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਬਾਈਕਾਟ ਕਰਦਿਆਂ ਭਾਂਡੇ ਖੜਕਾ ਕੇ ਪ੍ਰਦਰਸ਼ਨ ਕੀਤਾ। ਫਰੀਦਕੋਟ ਸ਼ਹਿਰ ਦੀਆਂ ਵੱਖ ਵੱਖ ਜੱਥੇਬੰਦੀਆਂ ਨੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਸਥਾਨਕ ਘੰਟਾ ਘਰ ਚੌਕ ਵਿੱਚ ਥਾਲੀਆਂ ਖੜਕਾਈਆਂ। ਆਗੂਆਂ ਨੇ ਕਿਹਾ ਕਿ ਲੋਕ ਸ੍ਰੀ ਮੋਦੀ ਦੇ ਮਨ ਦੀਆਂ ਗੱਲਾਂ ਬਹੁਤ ਸੁਣ ਚੁੱਕੇ ਹਨ, ਸਗੋਂ ਉਨ੍ਹਾਂ ਨੂੰ ਪੋਹ ਮਹੀਨੇ ਦੀਆਂ ਸਖ਼ਤ ਸਰਦ ਰਾਤਾਂ ਵਿੱਚ ਦਿੱਲੀ ਦੇ ਵੱਖ ਵੱਖ ਬਾਰਡਰਾਂ ’ਤੇ ਭੁੰਜੇ ਸੌਣ ਲਈ ਮਜਬੂਰ ਸੰਘਰਸ਼ਸ਼ੀਲ ਕਿਸਾਨਾਂ ਦੇ ਮਨ ਦੀ ਗੱਲ ਸੁਣਨੀ ਚਾਹੀਦੀ ਹੈ। ਇਸ ਮੌਕੇ ਅਸ਼ੋਕ ਕੌਸ਼ਲ, ਸ਼ਿਵੰਦਰਪਾਲ ਸੰਧੂ, ਵਪਾਰ ਮੰਡਲ ਦੇ ਅਨਿਲ ਕੁਮਾਰ ਡਿੰਪੀ, ਬਲਵਿੰਦਰ ਕੁਮਾਰ, ਗੁਰਮੇਜ ਸਿੰਘ, ਰਾਜੀਵ ਗੁਪਤਾ, ਜਮਹੂਰੀ ਅਧਿਕਾਰ ਸਭਾ ਦੇ ਸ਼ਿਵ ਚਰਨ, ਦਰਜਾ ਚਾਰ ਦੇ ਨਛੱਤਰ ਸਿੰਘ ਭਾਣਾ ਅਤੇ ਰੁਲਦੂ ਸਿੰਘ ਆਦਿ ਹਾਜ਼ਰ ਸਨ।
ਮਹਿਲ ਕਲਾਂ (ਨਵਕਿਰਨ ਸਿੰਘ): ਪਿੰਡ ਸਹਿਜੜਾ ਵਾਸੀਆਂ ਨੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦਾ ਬੱਠਲ ਅਤੇ ਥਾਲੀਆਂ ਖੜਕਾ ਕੇ ਵਿਰੋਧ ਕੀਤਾ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਆਗੂ ਮਨਜੀਤ ਸਿੰਘ ਸਹਿਜੜਾ ਦੀ ਅਗਵਾਈ ਹੇਠ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ-2020 ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਕਾਲਾਂਵਾਲੀ (ਭੁਪਿੰਦਰ ਸਿੰਘ ਪੰਨੀਵਾਲੀਆ): ਖੇਤਰ ਦੇ ਕਿਸਾਨਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਦਾ ਤਾਲੀਆਂ, ਥਾਲੀਆਂ ਅਤੇ ਪੀਪੇ ਵਜਾ ਕੇ ਵਿਰੋਧ ਕੀਤਾ। ਖੇਤਰ ਦੇ ਕਸਬਾ ਔਢਾਂ ਦੇ ਬੱਸ ਅੱਡੇ ’ਤੇ ਜਿਉਂ ਹੀ ‘ਮਨ ਕੀ ਬਾਤ’ ਪ੍ਰੋਗਰਾਮ ਸ਼ੁਰੂ ਹੋਇਆ ਕਿਸਾਨਾਂ ਨੇ ਤਾਲੀਆਂ, ਥਾਲੀਆਂ, ਘੰਟੀਆਂ ਅਤੇ ਪੀਪੇ ਵਜਾ ਕੇ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮਲੋਟ(ਲਖਵਿੰਦਰ ਸਿੰਘ): ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੌਰਾਨ ਅੱਜ ਕਿਸਾਨ ਅਤੇ ਹਮਾਇਤੀ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਮਨ ਕੀ ਬਾਤ ਦਾ ਥਾਲੀਆਂ ਖੜਕਾ ਕੇ ਵਿਰੋਧ ਕੀਤਾ ਅਤੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਚੋਂ ਰੋਸ ਮਾਰਚ ਕੀਤਾ ਗਿਆ।
ਭੁੱਚੋ ਮੰਡੀ (ਪਵਨ ਗੋਇਲ): ਬੀਕੇਯੂ (ਉਗਰਾਹਾਂ) ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ ਚੱਲ ਰਹੇ ਮੋਰਚਿਆਂ ਵਿੱਚ ਅੱਜ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਨੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਭਾਂਡੇ ਖੜਕਾ ਕੇ ਵਿਰੋਧ ਕੀਤਾ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਲੋਕਾਂ ਨੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਬਾਈਕਾਟ ਕਰਦਿਆਂ ਕੋਠਿਆਂ ’ਤੇ ਚੜ੍ਹ ਕੇ ਭਾਂਡੇ ਖੜਕਾਏ ਗਏ।
ਫਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹੇ ਦੇ ਪਿੰਡ ਕਬੂਲਸ਼ਾਹ ਖੁੱਬਣ ’ਚ ਅੱਜ ਕਿਸਾਨਾਂ ਅਤੇ ਬੱਚਿਆਂ ਵੱਲੋਂ ਥਾਲੀਆਂ ਅਤੇ ਤਾਲੀਆਂ ਵਜਾ ਕੇ ਆਪਣੇ ‘ਮਨ ਕੀ ਬਾਤ’ ਸੁਣਾਈ ਗਈ।
ਮੋਦੀ ਦੀ ‘ਮਨ ਕੀ ਬਾਤ’ ਵਿਰੁੱਧ ਥਾਲੀਆਂ ਖੜਕਾ ਕੇ ਮੁਜ਼ਹਰਾ
ਬਰਨਾਲਾ (ਪਰਸ਼ੋਤਮ ਬੱਲੀ): ਤੀਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਲੱਗੇ ਹੋਏ ਧਰਨੇ ਵਿੱਚ ਅੱਜ 88ਵੇਂ ਦਿਨ ਵੀ ਅੰਦੋਲਨਕਾਰੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ| ਧਰਨੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦੌਰਾਨ ਥਾਲੀਆਂ ਖੜਕਾਉਂਦੇ ਹੋਏ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ| 24 ਘੰਟੇ ਦੀ ਰਿਲੇਅ ਭੁੱਖ ਹੜਤਾਲ ਦੇ ਛੇਵੇਂ ਦਿਨ ਅੱਜ ਗੁਲਾਬ ਸਿੰਘ ਗਿੱਲ ਬਰਨਾਲਾ, ਕ੍ਰਿਸ਼ਨ ਸਿੰਘ ਭੈਣੀਜੱਸਾ, ਕੁਲਵੰਤ ਰਾਏ ਸ਼ਰਮਾ ਭੈਣੀਜੱਸਾ, ਦਲੀਪ ਸਿੰਘ ਬਰਨਾਲਾ, ਸੁਰਿੰਦਰ ਸਿੰਘ ਪੰਨੂ ਬਰਨਾਲਾ, ਜਗਸੀਰ ਸਿੰਘ ਸਹਿਜੜਾ, ਤਰਸੇਮ ਸਿੰਘ ਸਹਿਜੜਾ, ਮੇਜਰ ਸਿੰਘ ਸਹਿਜੜਾ, ਗੁਰਸੇਵਕ ਸਿੰਘ ਪੱਖੋਕੇ, ਗੁਰਨਾਮ ਸਿੰਘ ਪੱਖੋਕੇ, ਤਰਲੋਚਨ ਸਿੰਘ ਪੱਖੋਕੇ ਤੇ ਵਰਿੰਦਰ ਸ਼ਰਮਾ ਠੀਕਰੀਵਾਲਾ ਭੁੱਖ ਹੜਤਾਲ ’ਤੇ ਬੈਠੇ| ਅੱਜ ਦੇ ਧਰਨੇ ਨੂੰ ਜਗਰਾਜ ਰਾਮਾ, ਸਾਧੂ ਸਿੰਘ ਛੀਨੀਵਾਲ, ਸਾਹਿਬ ਸਿੰਘ ਬਡਬਰ, ਗੁਰਮੇਲ ਸ਼ਰਮਾ ਭਦੌੜ, ਬਾਰਾ ਸਿੰਘ ਬਦਰਾ,ਚਰਨਜੀਤ ਕੌਰ, ਮਾਸਟਰ ਹਰਚਰਨ ਚੰਨਾ, ਕਰਨੈਲ ਸਿੰਘ ਗਾਂਧੀ ਨੇ ਸੰਬੋਧਨ ਕੀਤਾ|
ਨਵਾਂ ਸਾਲ ਕਿਸਾਨਾਂ ਨਾਲ ਮਨਾਉਣ ਦੀ ਅਪੀਲ
ਸਿਰਸਾ (ਨਿੱਜੀ ਪੱਤਰ ਪੇ੍ਰਕ): ਹਰਿਆਣਾ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਕਿ ਇਸ ਵਾਰ ਲੋਕਾਂ ਨੂੰ ਨਵਾਂ ਸਾਲ ਸੈਰ-ਸਪਾਟੇ ਵਾਲੀਆਂ ਥਾਂਵਾਂ ’ਤੇ ਜਾਣ ਦੀ ਬਜਾਏ ਕਿਸਾਨਾਂ ਨਾਲ ਮਨਾਉਣਾ ਚਾਹੀਦਾ ਹੈ। ਸਿਰਸਾ (ਪ੍ਰਭੂ ਦਿਆਲ): ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਵੱਖ-ਵੱੰਖ ਥਾਵਾਂ ’ਤੇ ਥਾਲੀਆਂ ਤੇ ਖਾਲੀ ਭਾਂਡੇ ਖੜਕਾਏ। ਟੌਲ ਪਲਾਜ਼ੇ ’ਤੇ ਵੀ ਤਿੰਨ ਦਿਨਾਂ ਤੋਂ ਧਰਨਾ ਤੇ ਭੁੱਖ ਹੜਤਾਲ ਦੌਰਾਨ ਅੱਧਾ ਘੰਟਾ ਥਾਲੀਆਂ ਵੱਜਦੀਆਂ ਰਹੀਆਂ। ਧਰਨੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਸੀ। ਪਿੰਡ ਬਾਜੇਕਾਂ, ਖਾਜਾਖੇੜਾ, ਕਰੀਵਾਲਾ, ਹਾਂਡੀਖੇੜਾ, ਰਸੂਲਪੁਰ ਆਦਿ ਸਮੇਤ ਦਰਜਨਾਂ ਪਿੰਡਾਂ ’ਚ ਕਿਸਾਨਾਂ ਨੇ ਆਪਣੇ ਘਰਾਂ ਦੇ ਬਾਹਰ ਥਾਲੀਆਂ ਤੇ ਖਾਲੀ ਪੀਪੇ ਖੜਕਾਏ। ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਕਿਸਾਨਾਂ ਵੱਲੋਂ ਲਾਏ ਗਏ ਪੱਕੇ ਮੋਰਚੇ ’ਤੇ ਬੈਠੇ ਕਿਸਾਨਾਂ ਨੇ ਢੋਲ ਤੇ ਥਾਲੀਆਂ, ਬਾਟੀਆਂ ਖੜਕਾਉਂਦਿਆਂ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਰੋਸ ਮੁਜ਼ਾਹਰਾ ਕੀਤਾ।