ਗੁਰਪ੍ਰੀਤ ਸਿੰਘ
ਸਾਦਿਕ, 20 ਜੁਲਾਈ
ਸਾਦਿਕ ’ਚੋਂ ਹੋ ਕੇ ਲੰਘਦੀ ਖ਼ਸਤਾ ਹਾਲ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਸੜਕ ਬਣਨ ਵਿੱਚ ਹੋ ਰਹੀ ਦੇਰੀ ਕਾਰਨ ਸੰਘਰਸ਼ ਕਮੇਟੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਇਸ ਸੜਕ ਵਿੱਚ ਪਏ ਟੋਇਆਂ ਵਿੱਚ ਖੜ੍ਹੇ ਪਾਣੀ ’ਚ ਬੂਟੇ ਲਗਾ ਕੇ ਰੋਸ ਜ਼ਾਹਿਰ ਕੀਤਾ ਗਿਆ। ਇਸ ਦੌਰਾਨ ਸੂਬਾ ਸਰਕਾਰ, ਸੰਬਧਤ ਮਹਿਕਮਿਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਕਮੇਟੀ ਨੇ ਆਖਿਆ ਕਿ ਇਸ ਖ਼ਸਤਾ ਹਾਲ ਸੜਕ ਕਾਰਨ ਨਿੱਤ ਵਾਪਰਦੇ ਹਾਦਸੇ ਕੀਮਤੀ ਜਾਨਾਂ ਲੈ ਰਹੇ ਹਨ ਜਿਸ ਕਾਰਨ ਲੋਕ ਇਸ ਸੜਕ ’ਤੇ ਸਫਰ ਕਰਨ ਦੀ ਬਜਾਏ 30-40 ਕਿਲੋਮੀਟਰ ਦਾ ਵੱਧ ਸਫਰ ਕਰਨ ਲਈ ਮਜਬੂਰ ਹਨ।
ਇਲਾਕੇ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 30 ਜੁਲਾਈ ਤੱਕ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਸਾਰੀ ਸੜਕ ਵਿੱਚ ਬੂਟੇ ਲਗਾ ਦਿੱਤੇ ਜਾਣਗੇ, ਕਿਉਂਕਿ ਹੁਣ ਇਹ ਸਫਰ ਦੇ ਯੋਗ ਨਹੀਂ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਮਾਰਗ ਦੇ ਟੈਂਡਰ ਹੋ ਚੁੱਕੇ ਸਨ ਪਰ ਵਾਤਵਰਣ ਕਾਰਕੁਨ ਐੱਚ.ਸੀ. ਅਰੋੜਾ ਵੱਲੋਂ ਦਰੱਖਤ ਪੁੱਟੇ ਜਾਣ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ, ਜਿਸ ਦੇ ਸਿੱਟੇ ਵਜੋਂ ਸੜਕ ਦੇ ਸਟੇਅ ਆਰਡਰ ਹੋ ਗਏ ਸਨ।